ਮੁੱਖ ਖਬਰਾਂ

ਹੋਲਾ ਮਹੱਲਾ ਮੌਕੇ ਪਹੁੰਚ ਰਹੀਆਂ ਸੰਗਤਾਂ ਦੀ ਸਹੂਲਤ ਲਈ ਪ੍ਰਸਾਸ਼ਨ ਵੱਲੋਂ ਵੈਬਸਾਈਟ ਸ਼ੁਰੂ

By Pardeep Singh -- March 15, 2022 4:07 pm

ਸ੍ਰੀ ਅਨੰਦਪੁਰ ਸਾਹਿਬ:ਹੋਲੇ ਮਹੱਲੇ ਦਾ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀ ਰਵਾਇਤੀ ਸ਼ਾਨੋ ਸੋਕਤ ਨਾਲ ਸੁਰੂ ਹੋ ਗਿਆ ਹੈ। ਦੇਸ਼ ਵਿਦੇਸ਼ ਤੋ ਵੱਡੀ ਗਿਣਤੀ ਵਿਚ ਸੰਗਤਾਂ ਨੇ ਇਥੇ ਪਹੁੰਚਣਾ ਸੁਰੂ ਕਰ ਦਿੱਤਾ ਹੈ। ਆਧੁਨਿਕ ਯੁੱਗ ਵਿਚ ਸਮੇਂ ਦੀ ਜਰੂਰਤ ਅਨੁਸਾਰ ਪ੍ਰਸਾਸ਼ਨ ਨੇ ਵੀ ਹਾਈਟੈਕ ਸਾਧਨ ਅਪਨਾ ਕੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਹਨ। ਸਰਕਾਰ ਵਲੋਂ ਵੈਬਸਾਈਟ ਲਾਂਚ ਕੀਤੀ ਹੈ, ਜਿਸ ਨਾਲ ਇੱਕ ਕਲਿੱਕ ਉਤੇ ਮੇਲਾ ਖੇਤਰ ਵਿਚ ਪਾਰਕਿੰਗ, ਪਬਲਿਕ ਟੁਆਈਲੈਟ, ਟਰੈਫਿਕ ਵਿਵਸਥਾ, ਮੁਫਤ ਬੱਸ ਸਰਵਿਸ, ਸਿਹਤ ਸਹੂਲਤਾ ਤੇ ਐਮਬੂਲੈਂਸ ਬਾਰੇ ਪੂਰੀ ਜਾਣਕਾਰੀ ਉਪਲੱਬਧ ਹੋਵੇਗੀ।

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਅਤੇ ਐਸ.ਐਸ.ਪੀ ਸ੍ਰੀ ਵਿਵੇਕਸ਼ੀਲ ਸੋਨੀ ਦੇ ਉਪਰਾਲੇ ਨਾਲ ਇਹ ਵੈਬਸਾਈਟ ਬਾਹਰਲੇ ਖੇਤਰ ਤੋ ਆਉਣ ਵਾਲੇ ਲੋਕਾਂ ਲਈ ਜਾਣਕਾਰੀ ਦਾ ਇੱਕ ਢੁਕਵਾ ਸਾਧਨ ਹੋਵੇਗੀ। ਸੰਗਤਾਂ ਨੂੰ ਬੇਲੋੜੀ ਖੱਜਲ ਖੁਆਰੀ ਤੋ ਬਚਾਉਣ ਲਈ ਇਹ ਪ੍ਰਸਾਸ਼ਨ ਦਾ ਇੱਕ ਚੰਗਾ ਉਪਰਾਲਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਿੰਕ ਉਤੇ ਆਪਣੇ ਸਮਾਰਟ ਫੋਨ ਰਾਹੀ ਕਲਿੱਕ ਕਰਨ ਤੇ ਮੇਲਾ ਖੇਤਰ ਦੀਆਂ ਪਾਰਕਿੰਗਾਂ ਬਾਰੇ ਜਾਣਕਾਰੀ ਉਥੇ ਗੱਡੀਆਂ ਖੜੀਆ ਕਰਨ ਦੀ ਸਮਰੱਥਾ ਅਤੇ ਮੋਜੂਦਾ ਸਮੇਂ ਗੱਡੀਆਂ ਖੜੀਆਂ ਕਰਨ ਲਈ ਬਾਕੀ ਖਾਲੀ ਸਥਾਨ ਬਾਰੇ ਜਾਣਕਾਰੀ ਉਪਲੱਬਧ ਹੋਵੇਗੀ। ਪਬਲਿਕ ਟੁਆਈਲੈਟ, ਡਿਸਪੈਸਰੀਆਂ, ਐਮਬੂਲੈਂਸ ਅਤੇ ਮੇਲਾ ਖੇਤਰ ਵਿਚ ਆਉਣ ਜਾਣ ਲਈ ਮੁਫਤ ਬੱਸ ਸਰਵਿਸ ਵਰਗੀਆਂ ਜਰੂਰੀ ਸਹੂਲਤਾਂ ਬਾਰੇ ਵੀ ਜਾਣਕਾਰੀ ਵੈਬਸਾਈਟ ਉਤੇ ਮਿਲੇਗੀ।

ਸੀਨੀਅਰ ਪੁਲਿਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਟਰੈਫਿਕ ਦੇ ਸੁਚਾਰੂ ਪ੍ਰਬੰਧ ਰੱਖਣ ਲਈ ਟਰੈਫਿਕ ਵਿਵਸਥਾ ਨੂੰ ਵੀ ਇਸ ਵੈਬਸਾਈਟ ਵਿਚ ਸਾਮਿਲ ਕੀਤਾ ਹੈ। ਇਸ ਵੈਬਸਾਈਟ ਦਾ ਲਿੰਕ https://www.holamohalla.in ਹੈ। ਜਿਸ ਉਤੇ ਕਲਿੱਕ ਕਰਨ ਤੇ ਮੇਲਾ ਖੇਤਰ ਬਾਰੇ ਲੋੜੀਦੀ ਜਾਣਕਾਰੀ ਉਪਲੱਬਧ ਕਰਵਾਈ ਗਈ।

ਇਹ ਵੀ ਪੜ੍ਹੋ:ਖਟਕੜ ਕਲਾ 'ਚ ਹਲਫ਼ ਸਮਾਗਮ ਲਈ 100 ਏਕੜ ਕਣਕ ਵੱਢੀ

-PTC News

  • Share