Fri, Apr 26, 2024
Whatsapp

43 ਸਾਲਾਂ ਬਾਅਦ ਮਿਲੀ ਹਿੰਦੂ ਤੇ ਮੁਸਲਿਮ ਪਰਿਵਾਰਾਂ ਦੀ 'ਸਾਂਝੀ ਦਾਦੀ'

Written by  Panesar Harinder -- June 20th 2020 06:27 PM
43 ਸਾਲਾਂ ਬਾਅਦ ਮਿਲੀ ਹਿੰਦੂ ਤੇ ਮੁਸਲਿਮ ਪਰਿਵਾਰਾਂ ਦੀ 'ਸਾਂਝੀ ਦਾਦੀ'

43 ਸਾਲਾਂ ਬਾਅਦ ਮਿਲੀ ਹਿੰਦੂ ਤੇ ਮੁਸਲਿਮ ਪਰਿਵਾਰਾਂ ਦੀ 'ਸਾਂਝੀ ਦਾਦੀ'

ਦਮੋਹ - ਇੰਟਰਨੈੱਟ ਤੇ ਸੋਸ਼ਲ ਮੀਡੀਆ ਅਕਸਰ ਸਮਾਜ ਉੱਤੇ ਪੈ ਰਹੇ ਬੁਰੇ ਪ੍ਰਭਾਵਾਂ ਲਈ ਨਿੰਦੇ ਜਾਂਦੇ ਹਨ। ਪਰ ਮੱਧ ਪ੍ਰਦੇਸ਼ ਦੇ ਦਮੋਹ 'ਚ ਇੱਕ ਅਜਿਹਾ ਖੂਬਸੂਰਤ ਵਾਕਿਆ ਵਾਪਰਿਆ ਜਿਸ 'ਚ ਸ਼ਾਮਲ ਹਰ ਇੱਕ ਸ਼ਖ਼ਸ ਦੇ ਨਾਲ ਨਾਲ, ਜਾਣਨ ਵਾਲਿਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਉਮਰ ਦੇ 90ਵਿਆਂ 'ਚ ਪਹੁੰਚੀ ਅੱਛਨ ਮੌਸੀ ਨੇ 43 ਸਾਲ ਇੱਕ ਮੁਸਲਿਮ ਪਰਿਵਾਰ ਨਾਲ ਬਿਤਾਏ, ਪਰ ਪਿਛਲੇ ਹਫ਼ਤੇ ਇਸ ਗੱਲ ਦਾ ਖੁਲਾਸਾ ਹੋਇਆ ਕਿ ਅੱਛਨ ਮੌਸੀ ਅਸਲ 'ਚ ਪੰਚੂਬਾਈ ਹੈ, ਅਤੇ ਮਹਾਰਾਸ਼ਟਰਾ ਦੇ ਇੱਕ ਹਿੰਦੂ ਪਰਿਵਾਰ ਤੋਂ ਹੈ। Woman in her 90s found her real family Damoh Madhya Pradesh 3

ਅੱਛਨ ਮੌਸੀ ਦਾ ਇਸਰਾਰ ਖ਼ਾਨ ਦੇ ਘਰ ਪਹੁੰਚਣ ਦਾ ਸਬੱਬ

ਦਰਅਸਲ ਇਸਰਾਰ ਖ਼ਾਨ ਦੇ ਪਿਤਾ ਨੂਰ ਖ਼ਾਨ ਟਰੱਕ ਡਰਾਈਵਰ ਸੀ। ਲਗਭਗ 43 ਸਾਲ ਪਹਿਲਾਂ ਉਨ੍ਹਾਂ ਦਮੋਹ ਵਿੱਚ ਸੜਕ ਕਿਨਾਰੇ ਇੱਕ 50 ਸਾਲਾ ਔਰਤ ਨੂੰ ਪਰੇਸ਼ਾਨ ਹਾਲਤ ਵਿੱਚ ਦੇਖਿਆ, ਜਿਸ 'ਤੇ ਮਧੂ ਮੱਖੀਆਂ ਦੇ ਝੁੰਡ ਨੇ ਹਮਲਾ ਕੀਤਾ ਸੀ। ਜ਼ਿਆਦਾ ਡੰਗ ਲੱਗੇ ਹੋਣ ਕਾਰਨ ਇਸਰਾਰ ਦੇ ਪਿਤਾ ਨੇ ਉਸ ਔਰਤ ਨੂੰ ਇਲਾਜ ਵਜੋਂ ਕੁਝ ਦੇਸੀ ਦਵਾਈਆਂ ਦਿੱਤੀਆਂ। ਕੁਝ ਦਿਨਾਂ ਬਾਅਦ ਨੂਰ ਖ਼ਾਨ ਨੂੰ ਉਹੀ ਔਰਤ ਦੁਬਾਰਾ ਮਿਲੀ। ਉਨ੍ਹਾਂ ਔਰਤ ਨੂੰ ਉਸ ਦੇ ਘਰ-ਬਾਰ ਆਦਿ ਬਾਰੇ ਪੁੱਛਿਆ ਪਰ ਉਹ ਕੁਝ ਨਾ ਦੱਸ ਸਕੀ। ਨੇਕ ਦਿਲ ਨੂਰ ਖ਼ਾਨ ਉਸ ਔਰਤ ਨੂੰ ਦਮੋਹ ਜ਼ਿਲ੍ਹੇ ਦੇ ਪਿੰਡ ਕੋਟਾ ਤੋਲਾ ਵਿਖੇ ਆਪਣੇ ਘਰ ਲੈ ਆਏ। ਉਦੋਂ ਤੋਂ ਉਹ ਖ਼ਾਨ ਪਰਿਵਾਰ ਦਾ ਹਿੱਸਾ ਬਣ ਕੇ ਖੁਸ਼ੀ-ਖੁਸ਼ੀ ਰਹਿ ਰਹੀ ਹੈ। Woman in her 90s found her real family Damoh Madhya Pradesh 3

ਖ਼ਾਨ ਪਰਿਵਾਰ ਸਮੇਤ ਸਾਰੇ ਪਿੰਡ ਦੀ 'ਅੱਛਨ ਮੌਸੀ'

ਇਸਰਾਰ ਦੇ ਪਿਤਾ ਨੇ ਔਰਤ ਨੂੰ ਅੱਛਨ ਮੌਸੀ ਦਾ ਨਾਂਅ ਦਿੱਤਾ ਅਤੇ ਉਸ ਤੋਂ ਬਾਅਦ ਉਹ ਪਰਿਵਾਰ ਅਤੇ ਪਿੰਡ ਵਿੱਚ ਅੱਛਨ ਮੌਸੀ ਵਜੋਂ ਮਸ਼ਹੂਰ ਹੋ ਗਈ। ਹਾਲਾਂਕਿ, ਕਿਸੇ ਨੂੰ ਨਹੀਂ ਪਤਾ ਸੀ ਕਿ ਅਚਨ ਕਿੱਥੋਂ ਦੀ ਰਹਿਣ ਵਾਲੀ ਹੈ। ਜਦੋਂ ਵੀ ਉਸ ਨੂੰ ਪੁੱਛਿਆ ਗਿਆ ਤਾਂ ਉਹ ਕੋਈ ਸਪਸ਼ਟ ਉੱਤਰ ਨਹੀਂ ਦੇ ਸਕੀ। ਅੱਛਨ ਮੌਸੀ ਨੂੰ ਕੁਝ ਯਾਦਦਾਸ਼ਤ ਦੀਆਂ ਵੀ ਸਮੱਸਿਆਵਾਂ ਸਨ। ਪਰ ਇਸਰਾਰ ਨੇ ਇਸ ਬਾਰੇ ਜਾਣਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ। ਇਸਰਾਰ ਨੇ ਦੱਸਿਆ ਕਿ ਅੱਛਨ ਮੌਸੀ ਕੁਝ ਨਾ ਕੁਝ ਬੋਲਦੀ ਰਹਿੰਦੀ ਸੀ। ਇੱਕ ਵਾਰ ਉਸ ਨੇ ਬੋਲਦੇ ਬੋਲਦੇ 'ਖੰਜਮ ਨਗਰ' ਸ਼ਬਦ ਦੀ ਵਰਤੋਂ ਕੀਤੀ ਸੀ। ਖੰਜਮ ਨਗਰ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿੱਚ ਹੈ।

43 ਸਾਲ ਬਾਅਦ ਪੋਤੇ ਨੂੰ ਪੰਚੂਬਾਈ ਮਿਲੀ 'ਅੱਛਨ ਮੌਸੀ' ਦੇ ਰੂਪ 'ਚ

ਇਸਰਾਰ ਨੇ ਗੂਗਲ 'ਤੇ ਖੰਜਮ ਨਗਰ ਪੰਚਾਇਤ ਦੇ ਨੰਬਰ ਦੀ ਭਾਲ ਕਰਕੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਵੱਟਸਐਪ ਜ਼ਰੀਏ ਇਸਰਾਰ ਨੇ ਅੱਛਨ ਮੌਸੀ ਦੀ ਤਸਵੀਰ ਭੇਜੀ, ਜੋ ਕਿ ਖੰਜਮ ਨਗਰ ਪੰਚਾਇਤ ਵਿਖੇ ਇੱਕ ਪੋਸਟਰ ਬਣਾ ਕੇ ਪੋਸਟ ਕੀਤੀ ਗਈ ਸੀ। ਕੁਝ ਸਮੇਂ ਬਾਅਦ ਪ੍ਰਿਥਵੀ ਸ਼ਿੰਦੇ ਨਾਮ ਦੇ ਵਿਅਕਤੀ ਨੇ ਕਿਹਾ ਕਿ ਅੱਛਨ ਮੌਸੀ ਉਸ ਦੀ ਦਾਦੀ ਹੈ ਅਤੇ ਦੱਸਿਆ ਕਿ ਉਸਦਾ ਨਾਂਅ ਪੰਚੂਬਾਈ ਹੈ। ਇਸ ਖ਼ਬਰ ਨਾਲ ਇਸਰਾਰ ਦੇ ਦਿਲ ਨੂੰ ਬੜੀ ਤਸੱਲੀ ਮਿਲੀ। ਪ੍ਰਿਥਵੀ ਸ਼ਿੰਦੇ ਨੇ ਇਸਰਾਰ ਨਾਲ ਫੋਨ 'ਤੇ ਗੱਲ ਕੀਤੀ ਅਤੇ ਖੁਸ਼ੀ ਨਾਲ ਕਿਹਾ ਕਿ ਉਹ ਆਪਣੀ ਦਾਦੀ ਨੂੰ ਲੈਣ ਲਈ ਆ ਰਿਹਾ ਹੈ। ਇਸ ਵੇਲੇ ਪ੍ਰਿਥਵੀ ਆਪਣੀ ਦਾਦੀ ਨੂੰ ਮੱਧ ਪ੍ਰਦੇਸ਼ ਤੋਂ ਵਾਪਸ ਆਪਣੇ ਘਰ ਲੈ ਆਇਆ ਹੈ, ਜੋ ਕਿ ਹੁਣ ਨਾਗਪੁਰ ਵਿਖੇ ਰਹਿੰਦਾ ਹੈ। Woman in her 90s found her real family Damoh Madhya Pradesh

ਭਾਵੁਕਤਾ ਤੇ ਸ਼ੁਕਰ ਨਾਲ ਸਭ ਦੀਆਂ ਅੱਖਾਂ 'ਚ ਆਏ ਅੱਥਰੂ

43 ਸਾਲ ਨਾਲ ਰਹਿਣ ਤੋਂ ਬਾਅਦ ਅੱਛਨ ਮੌਸੀ ਉਰਫ਼ ਪੰਚੂਬਾਈ ਨੂੰ ਭੇਜਣ ਵਾਲੇ ਖ਼ਾਨ ਅਤੇ ਸ਼ਿੰਦੇ ਦੋਵੇਂ ਪਰਿਵਾਰਾਂ ਦੇ ਸਾਰੇ ਹਾਜ਼ਰ ਮੈਂਬਰਾਂ ਦੀਆਂ ਅੱਖਾਂ ਛਲਕ ਉੱਠੀਆਂ। ਪ੍ਰਿਥਵੀ ਸ਼ਿੰਦੇ ਦਾ ਕਹਿਣਾ ਸੀ ਕਿ ਉਹ ਖ਼ਾਨ ਪਰਿਵਾਰ ਦਾ ਦੇਣਾ ਸਾਰੀ ਉਮਰ ਨਹੀਂ ਦੇ ਸਕਦਾ ਜਿਨ੍ਹਾਂ ਨੇ ਉਸ ਦੀ ਦਾਦੀ ਨੂੰ ਨਾ ਸਿਰਫ਼ ਮੁਸ਼ਕਿਲ ਹਾਲਾਤਾਂ 'ਚ ਸਹਾਰਾ ਦਿੱਤਾ, ਬਲਕਿ ਆਪਣੀ ਮਾਂ ਵਾਂਗ ਪਿਆਰ ਤੇ ਸਤਿਕਾਰ ਵੀ ਦਿੱਤਾ। ਉਸ ਨੇ ਕਿਹਾ ਕਿ ਅਸੀਂ ਆਪਣੀ ਦਾਦੀ ਦੀ ਬਹੁਤ ਭਾਲ ਕੀਤੀ ਅਤੇ ਉਸ ਦੀ ਉਡੀਕ ਵਿੱਚ ਉਸ ਦੇ ਪਿਤਾ ਤੇ ਦਾਦਾ ਜੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਹਾਲਾਂਕਿ ਇਹ ਗੱਲ ਹਾਲੇ ਤੱਕ ਕੋਈ ਨਹੀਂ ਜਾਣਦਾ ਕਿ ਅਮਰਾਵਤੀ ਦੇ ਇੱਕ ਪਿੰਡ ਤੋਂ 500 ਕਿਲੋਮੀਟਰ ਦੂਰ ਅੱਛਨ ਮੌਸੀ ਉਰਫ਼ ਪੰਚੂਬਾਈ ਬੁੰਦੇਲਖੰਡ ਦੇ ਇਲਾਕੇ ਦਮੋਹ ਵਿਖੇ ਕਿਵੇਂ ਪਹੁੰਚੀ।

  • Tags

Top News view more...

Latest News view more...