ਜ਼ੀਰਾ: 9 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਲੜਕੀ ਹਸਪਤਾਲ ‘ਚ ਜ਼ੇਰੇ ਇਲਾਜ

ਜ਼ੀਰਾ: 9 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਲੜਕੀ ਹਸਪਤਾਲ ‘ਚ ਜ਼ੇਰੇ ਇਲਾਜ,ਜ਼ੀਰਾ: ਇੱਕ ਪਾਸੇ ਜਿੱਥੇ ਸਾਰੇ ਦੇਸ਼ ਨੂੰ ਨਿਰਭਿਆ ਕਾਂਡ ਦੇ ਦੋਸ਼ੀਆਂ ਦੀ ਫਾਂਸੀ ਦਾ ਇੰਤਜ਼ਾਰ ਹੈ,ਉੱਥੇ ਦੂਜੇ ਪਾਸੇ ਇਸ ਤਰ੍ਹਾਂ ਦੀ ਗੰਦੀ ਮਾਨਸਿਕਤਾ ਰੱਖਣ ਵਾਲੇ ਲੋਕ ਅੱਜ ਵੀ ਇਸੇ ਤਰ੍ਹਾਂ ਦੀਆਂ ਹੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।

ਤਾਜ਼ਾ ਮਾਮਲਾ ਜ਼ੀਰਾ ਦੇ ਪਿੰਡ ਮੇਹਰ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੀ ਨੌਂ ਸਾਲਾਂ ਲੜਕੀ ਨੂੰ ਅਗਵਾ ਕਰਕੇ ਪਿੰਡ ਦੇ ਹੀ ਆਦਮੀ ਨੇ ਬਲਾਤਕਾਰ ਕੀਤਾ ਅਤੇ ਲੜਕੀ ਨੂੰ ਮਰਨ ਵਾਲੀ ਹਾਲਤ ਵਿੱਚ ਛੱਡ ਕੇ ਉੱਥੋਂ ਫ਼ਰਾਰ ਹੋ ਗਿਆ।

ਘਟਨਾ ਬੀਤੀ ਰਾਤ ਦੀ ਹੈ ਜਦੋਂ ਪਿੰਡ ਮੇਹਰ ਸਿੰਘ ਵਾਲਾ ਵਾਸੀ ਸ਼ੇਰ ਸਿੰਘ ਦੀ 9 ਸਾਲਾ ਲੜਕੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਈ ਵਾਪਸ ਨਾ ਆਈ ਤਾਂ ਘਰ ਵਾਲਿਆਂ ਨੂੰ ਚਿੰਤਾ ਹੋਈ ਤੇ ਉਹ ਪਿੰਡ ਵਿੱਚ ਉਸ ਨੂੰ ਲੱਭਣ ਗਏ ਤਾਂ ਪਤਾ ਚੱਲਿਆ ਕੀ ਪਿੰਡ ਦਾ ਹੀ ਇਕ ਆਦਮੀ ਮਨਪ੍ਰੀਤ ਸਿੰਘ ਉਰਫ ਕਾਕਾ ਉਸ ਨੂੰ ਬਹਿਲਾ ਫੁਸਲਾ ਕੇ ਆਪਣੇ ਛੋਟੇ ਹਾਥੀ ਟੈਂਪੂ ਵਿੱਚ ਕਿਤੇ ਲੈ ਗਿਆ।

ਹੋਰ ਪੜ੍ਹੋ: ਕੁਲਫੀ ਵੇਚਣ ਨੂੰ ਮਜ਼ਬੂਰ ਹੈ ਹਰਿਆਣਾ ਦਾ ਇਹ ਅਰਜੁਨ ਐਵਾਰਡ ਜੇਤੂ ਬਾਕਸਰ, ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ

ਲੜਕੀ ਦੇ ਪਿਤਾ ਸ਼ੇਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਲੱਭਦੇ ਹੋਏ ਨਾਲ ਦੇ ਪਿੰਡ ਦੀ ਨਹਿਰ ‘ਤੇ ਬਣੀ ਦਰਗਾਹ ਤੇ ਪਹੁੰਚੇ ਤਾਂ ਉੱਥੇ ਉਹ ਟੈਂਪੂ ਖੜ੍ਹਾ ਸੀ ਅਤੇ ਥੋੜ੍ਹੀ ਦੂਰੀ ‘ਤੇ ਲੜਕੀ ਨੂੰ ਬੇਹੋਸ਼ੀ ਹਾਲਤ ‘ਚ ਪਾਇਆ, ਪਰ ਉਕਤ ਦੋਸ਼ੀ ਉੱਥੋਂ ਭੱਜਣ ਵਿਚ ਕਾਮਯਾਬ ਹੋ ਗਿਆ। ਲੜਕੀ ਦੀ ਖਰਾਬ ਹਾਲਤ ਹੋਣ ਕਾਰਣ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਲੜਕੀ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਥਾਣਾ ਸਦਰ ਜ਼ੀਰਾ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਰਿਵਾਰ ਦੇ ਬਿਆਨਾਂ ਉੱਪਰ ਮਨਪ੍ਰੀਤ ਸਿੰਘ ਉਰਫ ਕਾਕਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦ ਹੀ ਉਸ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

-PTC News