ਨਾਭਾ ਜੇਲ੍ਹ ਬ੍ਰੇਕ ਕਾਂਢ ਦਾ ਮੁੱਖ ਦੋਸ਼ੀ ਹਾਂਗਕਾਂਗ ਪੁਲਿਸ ਨੇ ਕੀਤਾ ਗ੍ਰਿਫਤਾਰ
ਰੋਮੀ ਦੀ ਗ੍ਰਿਫ਼ਤਾਰੀ ਬਾਰੇ ਉਥੋਂ ਦੀ ਪੁਲਿਸ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੀ ਸੂਚਨਾ ਭੇਜੀ ਹੈ।ਰੋਮੀ ਨੂੰ ਹੁਣ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।ਨਵੰਬਰ 2016 ਵਿਚ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿਚ ਨਾਮਜ਼ਦ ਰੋਮੀ ਨੇ ਇਸ ਕਾਂਡ ਲਈ ਫੰਡ ਮੁਹੱਈਆ ਕਰਵਾਏ ਸਨ।
ਇਸ ਜੇਲ੍ਹ ਬ੍ਰੇਕ ਜ਼ਰੀਏ ਦੋ ਅੱਤਵਾਦੀ,ਗੈਂਗਸਟਰ ਵਿੱਕੀ ਗੌਂਡਰ ਤੇ ਤਿੰਨ ਹੋਰ ਕੈਦੀ ਫਰਾਰ ਹੋ ਗਏ ਸਨ।ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰੋਮੀ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ।ਜੂਨ 2016 ਵਿਚ ਨਾਭਾ ਪੁਲਿਸ ਨੇ ਹਾਂਗਕਾਂਗ ਤੋਂ ਪਰਤੇ ਰਮਨਜੀਤ ਸਿੰਘ ਰੋਮੀ ਨੂੰ 27 ਚੀਨੀ ਕਰੈਡਿਟ ਕਾਰਡ,ਦੋ ਡੈਬਿਟ ਕਾਰਡ,32 ਬੋਰ ਦੀ ਰਿਵਾਲਵਰ, 9 ਜ਼ਿੰਦਾ ਕਾਰਤੂਸ ਤੇ ਕਾਰ ਸਮੇਤ ਕਾਬੂ ਕੀਤਾ ਸੀ।ਬਾਅਦ ਵਿਚ ਜ਼ਮਾਨਤ 'ਤੇ ਬਾਹਰ ਆਇਆ ਰੋਮੀ ਵਿਦੇਸ਼ ਫਰਾਰ ਹੋ ਗਿਆ ਸੀ।
ਪਟਿਆਲਾ ਪੁਲਿਸ ਉਦੋਂ ਤੋਂ ਹੀ ਉਸ ਦੀ ਭਾਲ ਕਰ ਰਹੀ ਸੀ।ਪੁਲਿਸ ਅਨੁਸਾਰ ਰੋਮੀ ਦਾ ਮਕਸਦ ਜੇਲ੍ਹ ਵਿਚ ਬੰਦ ਗੈਂਗਸਟਰਾਂ ਨੂੰ ਭਜਾ ਕੇ ਲੋਕਾਂ ਦੇ ਬੈਂਕ ਖਾਤੇ ਹੈਕ ਕਰਨਾ ਸੀ।ਇਨ੍ਹਾਂ ਖਾਤਿਆਂ ਵਿਚੋਂ ਰਕਮ ਕੱਢ ਕੇ ਦਿੱਲੀ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਟਰੱਸਟ ਦੇ ਖਾਤੇ ਵਿਚ ਪਾਉਣੇ ਸਨ।
ਇਨ੍ਹਾਂ ਪੈਸਿਆਂ ਨਾਲ ਗੈਂਗਸਟਰਾਂ ਦੀ ਟੀਮ ਤਿਆਰ ਕਰਨੀ ਸੀ ਤੇ ਹੋਰ ਅਪਰਾਧੀਆਂ ਨੂੰ ਛੁਡਾਉਣਾ ਸੀ।ਹਰਵਿੰਦਰ ਸਿੰਘ ਵਿਰਕ,ਐਸਪੀ ਡੀ,ਪਟਿਆਲਾ ਨੇ ਕਿਹਾ ਕਿ ਰੋਮੀ ਬਾਰੇ ਸਾਡੇ ਕੋਲ ਸੂਚਨਾ ਪੁੱਜੀ ਹੈ।ਇਸ 'ਤੇ ਅਗਲੇਰੀ ਕਾਰਵਾਈ ਕਰਾਂਗੇ ਪਰ ਉਸ ਤੋਂ ਪਹਿਲਾਂ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ।
-PTCNews