ਕੋਰੋਨਾਵਾਇਰਸ ਨੂੰ ਲੈ ਕੇ ਦੂਸ਼ਣਬਾਜ਼ੀ ਤੇਜ਼, ਤੂੰ-ਤੂੰ ਮੈਂ-ਮੈਂ ‘ਤੇ ਉੱਤਰੇ ਚੀਨ ਅਤੇ ਅਮਰੀਕਾ

coronavirus news

ਅਮਰੀਕਾ ਤੇ ਚੀਨ ਵਿਚਕਾਰ ਇਹ ਮੁੱਦਾ ਉਸ ਵੇਲੇ ਭਖਿਆ ਜਦੋਂ ਇਸ ਮਹਾਂਮਾਰੀ ਦੇ ਦੋਸ਼ਾਂ ਤੋਂ ਬਚਣ ਲਈ ਚੀਨ ਨੇ ਆਪਣੇ ਆਪ ਨੂੰ ਇੱਕ ਅਜਿਹੇ ਦੇਸ਼ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਸ ਨੇ ਬਚਾਅ ਲਈ ਆਬਾਦੀ ਦੇ ਵੱਡੇ ਹਿੱਸੇ ਨੂੰ ਬਾਕੀਆਂ ਨਾਲੋਂ ਅਲੱਗ-ਥਲੱਗ ਕਰਨ ਦੇ ਫੈਸਲਾਕੁੰਨ ਕਦਮ ਚੁੱਕੇ ਸਨ ਅਤੇ ਅਮਰੀਕਾ ਨੇ ਇਸ ਦਾ ਵਿਰੋਧ ਕੀਤਾ। ਵਾਸ਼ਿੰਗਟਨ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਨੂੰ “ਵੁਹਾਨ ਵਾਇਰਸ” ਵਜੋਂ ਕਹਿ ਕੇ ਸੰਬੋਧਨ ਕਰਨ ਨੇ ਵੀ ਇਸ ਮਾਮਲੇ ‘ਚ ਬਲ਼ਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ। ਬੀਜਿੰਗ ਵੱਲੋਂ ਇਸ ਗੱਲ ਦਾ ਵਿਆਪਕ ਪੱਧਰ ‘ਤੇ ਖੰਡਨ ਕੀਤਾ ਜਾ ਰਿਹਾ ਹੈ ਕਿ ਇਸ ਦੇ ਫ਼ੈਲਣ ਦਾ ਕੇਂਦਰੀ ਸਥਾਨ ਵੂਹਾਨ ਸ਼ਹਿਰ ਹੈ।

ਸੋਸ਼ਲ ਮੀਡੀਆ ‘ਤੇ ਚੱਲੇ ਸ਼ਬਦੀ ਤੀਰ
ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਜ਼ਾਓ ਲੀਜੀਅਨ ਨੇ ਟਵਿੱਟਰ ‘ਤੇ ਕਿਹਾ ਕਿ “ਵੁਹਾਨ ਵਿਖੇ ਇਹ ਬਿਮਾਰੀ ਲਿਆਉਣ ਪਿੱਛੇ ਅਮਰੀਕੀ ਫ਼ੌਜ ਦਾ ਹੱਥ ਹੋ ਸਕਦਾ ਹੈ” – ਹਾਲਾਂਕਿ ਉਨ੍ਹਾਂ ਇਹ ਗੱਲ ਬਿਨਾਂ ਕੋਈ ਸਬੂਤ ਜਾਂ ਤੱਥ ਪੇਸ਼ ਕੀਤੇ ਕਹੀ। ਅਮਰੀਕਾ ‘ਤੇ ਹੋਏ 9/11 ਦੇ ਹਮਲਿਆਂ ਬਾਰੇ ਸ਼ੱਕੀ ਵੇਰਵੇ ਪ੍ਰਕਾਸ਼ਿਤ ਕਰਨ ਲਈ ਜਾਣੀ ਜਾਂਦੀ ਇੱਕ ਵੈਬਸਾਈਟ ਦੇ ਲੇਖ ਦੇ ਲਿੰਕ ਨੂੰ ਪੋਸਟ ਕਰਕੇ ਉਨ੍ਹਾਂ ਅਗਲੇ ਦਿਨ ਇਹ ਦਾਅਵਾ ਮੁੜ ਕੀਤਾ।

ਆਮ ਤੌਰ ‘ਤੇ ਅਜਿਹੇ ਵਿਸ਼ਿਆਂ ‘ਤੇ ਜਾਗਰੂਕ ਰਹਿਣ ਵਾਲੇ ਸੈਂਸਰ ਨੇ ਵੀ ਚੀਨੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਵੀ ਵਾਇਰਸ ਦੇ ਪਿੱਛੇ ਅਮਰੀਕਾ ਦੇ ਹੋਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਹਵਾ ਦੇਣ ਦੀ ਆਗਿਆ ਦਿੱਤੀ।

ਬੀਤੇ ਦਿਨਾਂ ਵਿੱਚ ਚੀਨ ਦੇ ਟਵਿੱਟਰ ਵਰਗੀ ਇੱਕ ਸੋਸ਼ਲ ਮੀਡੀਆ ਐਪ ਵੇਬੋ (Weibo) ‘ਤੇ ਇੱਕ ਅਮਰੀਕੀ ਸਿਹਤ ਅਧਿਕਾਰੀ ਦੀ ਵੀਡੀਓ ਸਰਚ ਵਿੱਚ ਸਿਖ਼ਰ ‘ਤੇ ਰਹੀ ਜਿਸ ‘ਚ ਅਮਰੀਕੀ ਸਿਹਤ ਅਧਿਕਾਰੀ ਕਹਿ ਰਿਹਾ ਹੈ ਕਿ ਕਿਸੇ ਫ਼ਲੂ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਮੌਤ ਤੋਂ ਬਾਅਦ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ। ਕੁਝ ਉਪਭੋਗਤਾਵਾਂ ਦਾ ਕਹਿਣਾ ਸੀ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਕੋਰੋਨਾਵਾਇਰਸ ਅਮਰੀਕਾ ਵਿੱਚ ਪੈਦਾ ਹੋਇਆ ਸੀ। ਜ਼ਾਓ ਲੀਜੀਅਨ ਨੇ ਵੀ ਇਹ ਵੀਡੀਓ ਸ਼ੇਅਰ ਕੀਤੀ।

ਸ਼ਿਕਾਗੋ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੀ ਪ੍ਰੋਫੈਸਰ ਡਾਲੀ ਯਾਂਗ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜ਼ਾਓ ਨੇ ਇਹ ਟਵੀਟ ਆਪਣੀ “ਅਧਿਕਾਰਤ ਸਮਰੱਥਾ” ਨਾਲ ਕੀਤਾ। ਅਜਿਹਾ ਕਰਨ ਪਿੱਛੇ ਚੀਨ ਦਾ ਮੁੱਖ ਕਾਰਨ ਹੈ ਕਿ ਮਾਮਲੇ ਦਾ ਰੁਖ਼ ਅਮਰੀਕਾ ਵੱਲ੍ਹ ਕਰਕੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕੀ ਇਸ ਮਹਾਂਮਾਰੀ ਕਾਰਨ ਆਪਣੇ ਲੋਕਾਂ ‘ਚ ਉੱਠਣ ਵਾਲੀ “ਘਰੇਲੂ ਅਸ਼ਾਂਤੀ” ਤੋਂ ਬਚਾਅ ਹੋ ਸਕੇ।

ਉੱਧਰ ਚੀਨ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਦੇ ਕੇਂਦਰ ਦੇ ਮੁਖੀ, ਗਾਓ ਫੂ ਇਹ ਬਿਆਨ ਬਹੁਤ ਦਿਨ ਪਹਿਲਾਂ ਦੇ ਚੁੱਕੇ ਹਨ ਕਿ ਹੁਣ ਅਸੀਂ ਜਾਣ ਚੁੱਕੇ ਹਾਂ ਕਿ ਕੋਰੋਨਾਵਾਇਰਸ ਦਾ ਸਰੋਤ ਸਮੁੰਦਰੀ ਭੋਜਨ ਦੀ ਮਾਰਕੀਟ ਵਿੱਚ ਵੇਚੇ ਗਏ ਜੰਗਲੀ ਜਾਨਵਰ ਹਨ। ਚੀਨੀ ਅਧਿਕਾਰੀਆਂ ਨੇ ਖ਼ੁਦ ਵੁਹਾਨ ਅਤੇ ਬਾਕੀ ਹੁਬੇਈ ਸੂਬੇ ਉੱਤੇ ਭਾਰੀ ਖ਼ਤਰੇ ਦੀ ਸ਼ੰਕਾ ਜਤਾਈ ਸੀ ਅਤੇ ਇਸੇ ਨੂੰ ਦੇਖਦੇ ਹੋਏ ਉਨ੍ਹਾਂ ਨੇ ਮਹਾਂਮਾਰੀ ਨੂੰ ਕਾਬੂ ਕਰਨ ਦੇ ਮਕਸਦ ਤਹਿਤ ਇਲਾਕਿਆਂ ਦੇ 56 ਮਿਲੀਅਨ ਲੋਕਾਂ ਸਖ਼ਤ ਨਿਗਰਾਨੀ ਤੇ ਕਬਜ਼ੇ ਹੇਠ ਰੱਖਿਆ।
ਸ਼ੱਕ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨਾਲ ਜੁੜੇ ਇੱਕ ਨਾਮਵਰ ਮਾਹਰ ਜ਼ੋਂਗ ਨਨਸ਼ਨ ਨੇ ਪੱਤਰਕਾਰਾਂ ਨੂੰ ਇਹ ਗੱਲ ਦੱਸੀ “ਇਹ ਮਹਾਂਮਾਰੀ ਪਹਿਲਾਂ ਚੀਨ ਵਿੱਚ ਦਿਖਾਈ ਦਿੱਤੀ, ਪਰ ਇਹ ਜ਼ਰੂਰੀ ਨਹੀਂ ਕਿ ਇਸ ਦੀ ਸ਼ੁਰੂਆਤ ਚੀਨ ਤੋਂ ਹੋਈ ਹੋਵੇ”

ਹਾਲਾਂਕਿ ਵਿਗਿਆਨੀਆਂ ਵੱਲੋਂ ਇਹ ਸ਼ੱਕ ਲੰਮੇ ਸਮੇਂ ਤੋਂ ਜਤਾਇਆ ਜਾ ਰਿਹਾ ਹੈ ਕਿ ਇਸ ਵਿਸ਼ਾਣੂ ਦੀ ਸ਼ੁਰੂਆਤ ਵੁਹਾਨ ਮਾਰਕੀਟ ਦੇ ਕਿਸੇ ਜਾਨਵਰ ਤੋਂ ਹੋਈ ਜਿੱਥੋਂ ਇਹ ਦੁਨੀਆ ਭਰ ‘ਚ ਫ਼ੈਲ ਗਿਆ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਹਾਲਾਂਕਿ ਵਾਇਰਸ ਵੱਲੋਂ ਜਾਨਵਰਾਂ ਤੋਂ ਮਨੁੱਖਾਂ ਤੱਕ ਪਹੁੰਚਣ ਦਾ ਜ਼ਰੀਆ ਹਾਲੇ ਤੱਕ ਅਸਪੱਸ਼ਟ ਹੈ, ਪਰ ਦਸੰਬਰ 2019 ‘ਚ ਵੁਹਾਨ ਵਿਖੇ ਪਏ ਦੇ ਰੌਲ਼ੇ ਤੋਂ ਪਹਿਲਾਂ COVID -19 ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ।

ਅਮਰੀਕੀ ਅਹੁਦੇਦਾਰਾਂ ਨੇ ਵੀ ਦੱਬ ਕੇ ਕੋਸਿਆ ਚੀਨ ਨੂੰ
ਅਮਰੀਕਾ ਵੱਲੋਂ ‘ਵੁਹਾਨ ਵਾਇਰਸ’ ਕਹਿ ਕੇ ਸੰਬੋਧਨ ਕਰਨਾ ਚੀਨ ਦੀ ਨਾਰਾਜ਼ਗੀ ਦਾ ਵੱਡਾ ਕਾਰਨ ਬਣਿਆ, ਜੋ ਕਿ ਇਸ ਮਹਾਂਮਾਰੀ ਨੂੰ ਸਿੱਧਾ ਉਸ ਦੇਸ਼ ਨਾਲ ਜੋੜਦਾ ਹੈ। ਅਮਰੀਕੀ ਸੂਬਾ ਸਕੱਤਰ ਮਾਈਕ ਪੋਂਪੀਓ ਵੱਲੋਂ ਕਹੇ ‘ਵੁਹਾਨ ਵਾਇਰਸ’ ਦੀ ਬੀਜਿੰਗ ਨੇ ‘ਨੀਚ’ ਅਤੇ ‘ਵਿਗਿਆਨ ਦਾ ਨਿਰਾਦਰ’ ਕਰਾਰ ਦਿੰਦੇ ਹੋਏ ਨਿਖੇਧੀ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟੀਵੀ ਰਾਹੀਂ ਆਪਣਾ ਸੰਦੇਸ਼ ਦਿੰਦੇ ਹੋਏ ਸ਼ੁਰੂਆਤ “ਚੀਨ ਤੋਂ ਸ਼ੁਰੂ ਹੋਏ ਰੋਗ” ਕਹਿੰਦੇ ਹੋਏ ਕੀਤੀ। ਅਮਰੀਕੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਵੀ ਆਪਣੇ ਬਿਆਨਾਂ ‘ਚ ਇਸ ਮਹਾਂਮਾਰੀ ਦੀ ਸ਼ੁਰੂਆਤ ਵੁਹਾਨ ਤੋਂ ਹੋਣ ਦੀ ਗੱਲ ਕਹਿ ਚੁੱਕੇ ਹਨ। ਬੀਜਿੰਗ ਨੇ ਉਸ ਦੀ ਇਸ ਟਿੱਪਣੀ ਨੂੰ ‘ਗ਼ੈਰਜ਼ਿੰਮੇਵਾਰਾਨਾ’ ਕਰਾਰ ਦਿੱਤਾ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਗੱਲ ਬਾਰੇ ਤਾੜਨਾ ਕੀਤੀ ਹੈ ਕਿ ਅਜਿਹੀਆਂ ਬਿਮਾਰੀਆਂ ਬਾਰੇ ਅਜਿਹੇ ਬਿਆਨ ਨਾ ਦਿੱਤੇ ਜਾਣ ਜਿਹੜੇ ਫ਼ਿਰਕਾਪ੍ਰਸਤੀ ਨੂੰ ਉਤਸ਼ਾਹ ਦਿੰਦੇ ਹੋਣ।