Fri, Mar 31, 2023
Whatsapp

ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦਾ ਐਲਾਨ

Written by  Riya Bawa -- October 01st 2021 04:16 PM
ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦਾ ਐਲਾਨ

ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦਾ ਐਲਾਨ

ਮੁਹਾਲੀ: ਦੀ ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਂਗਣਵਾੜੀ ਵਰਕਰਾਂ ਨਾਲ ਵਿਤਕਰਾ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਆਂਗਣਵਾੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਇਹ ਐਲਾਨ ਉਸ ਵੇਲੇ ਕੀਤਾ ਜਦੋਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਆਂਗਣਵਾੜੀ ਵਰਕਰਾਂ ਨਾਲ ਇਕਜੁੱਟਤਾ ਪ੍ਰਗਟਾਈ।


ਹਰਗੋਬਿੰਦ ਕੌਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਹਨਾਂ ਨੁੰ ਮਿਲਣ ਤੋਂ ਵੀ ਨਾਂਹ ਕਰ ਦਿੱਤੀ ਸੀ ਅਤੇ ਹੁਣ ਵੀ ਕਾਂਗਰਸ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਦੂਰ ਕਰਨ ਵਾਸਤੇ ਕੁਝ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਸਰਕਾਰ ਤਾਂ ਧਰਨੇ ਵਾਲੀ ਥਾਂ ’ਤੇ ਟੈਂਟ ਵੀ ਨਹੀਂ ਲਗਾਉਣ ਦੇ ਰਹੀ ਜਿਸ ਕਾਰਨ ਸਾਨੂੰ ਵਰ੍ਹਦੀ ਗਰਮੀ ਵਿਚ ਹੀ ਸੰਘਰਸ਼ ਕਰਨਾ ਪੈ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ, ਜੋ ਦੁਪਹਿਰ ਵੇਲੇ ਧਰਨੇ ਵਾਲੀ ਥਾਂ ਪਹੁੰਚੇ, ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਹਮੇਸ਼ਾ ਆਂਗਣਵਾੜੀ ਵਰਕਰਾਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨਾਲ ਅਤੇ ਹੋਰ ਮੁਲਾਜ਼ਮ ਯੂਨੀਅਨਾਂ ਨਾਲ ਗੱਲਬਾਤ ਵਾਸਤੇ ਹਮੇਸ਼ਾ ਆਪਣੇ ਬੂਹੇ ਖੁੱਲ੍ਹੇ ਰੱਖੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਂਗਣਵਾੜੀ ਵਰਕਰਾਂ ’ਤੇ ਮੌਜੂਦਾ ਸਰਕਾਰ ਨੇ ਲਾਠੀਚਾਰਜ ਕਰਵਾਇਆ ਤੇ ਉਹਨਾਂ ਦੇ ਖਿਲਾਫ ਝੂਠੇ ਕੇਸ ਵੀ ਦਰਜ ਕੀਤੇ ਗਏ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹਨਾਂ ਨੂੰ ਦਰਪੇਸ਼ ਸਾਰੀਆਂ ਮੁਸ਼ਕਿਲਾਂ ਘੋਖੀਆਂ ਜਾਣਗੀਆਂ ਤੇ ਇਹਨਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਆਂਗਣਵਾੜੀ ਵਰਕਰਾਂ ਨੁੰ ਦਿੱਤਾ ਜਾ ਰਿਹਾ ਮਾਣ ਭੱਤਾ ਬਹੁਤ ਘੱਟ ਹੈ ਅਤੇ ਇਸ ਵਿਚ ਵਾਧਾ ਹੋਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਵੇਲੇ ਆਂਗਣਵਾੜੀ ਵਰਕਰਾਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨੇ ਕੋਰੋਨਾ ਵਾਰੀਅਰਜ ਵਾਂਗ ਕੰਮ ਕੀਤਾ ਪਰ ਇਹਨਾਂ ਨੁੰ ਬਣਦਾ ਮਾਣ ਸਤਿਕਾਰ ਨਹੀਂ ਮਿਲਿਆ। ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ।

-PTC News

Top News view more...

Latest News view more...