BKU ਵੱਲੋਂ ਬੁਰਾੜੀ ਪਾਰਕ ‘ਚ ਜਾਣ ਦੀ ਪੇਸ਼ਕਸ਼ ਰੱਦ, ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਸਾਨ ਆਗੂ ਨੂੰ ਕੀਤਾ ਫੋਨ

Farmers' Protest : Farmers' Protest Kundli Border in New Delhi

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਐਲਾਨ ਕੀਤਾ ਹੈ ਕਿ ਉਹ ਬੁਰਾੜੀ ਪਾਰਕ ਨਹੀਂ ਜਾਣਗੇ। ਉਨ੍ਹਾਂ ਆਖਿਆ ਕਿ 500 ਕਿਸਾਨ ਜਥੇਬੰਦੀਆਂ ਵੱਲੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦਾ ਜਿਹੜਾ ਸੱਦਾ ਦਿੱਤਾ ਸੀ, ਉਹ ਉੱਥੇ ਹਰ ਹਾਲਤ ‘ਚ ਪਹੁੰਚਣਗੇ। ਜੇਕਰ ਉੱਥੇ ਜਾਣ ਤੋਂ ਰੋਕਿਆ ਤਾਂ ਉਹ ਅੱਜ ਦਿੱਲੀ ਦੇ ਬਾਰਡਰ ‘ਤੇ ਹੀ ਧਰਨਾ ਦੇ ਕੇ ਦਿੱਲੀ ਦੇ ਰਸਤੇ ਜਾਮ ਕਰਨਗੇ। ਉਨ੍ਹਾਂ ਮੰਗ ਕੀਤੀ ਕਿ 500 ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਦੀ ਮਨਜ਼ੂਰੀ ਲਈ ਦਿੱਤੀ ਉਸ ਅਰਜ਼ੀ ਨੂੰ ਤੁਰੰਤ ਮੁੜ ਵਿਚਾਰ ਕੇ ਪ੍ਰਵਾਨਗੀ ਦਿੱਤੀ ਜਾਵੇ ਜਿਸ ਨੂੰ ਉਸ ਵੱਲੋਂ ਰੱਦ ਕਰ ਦਿੱਤਾ ਗਿਆ ਸੀ।

ਉਨ੍ਹਾਂ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਆਖਿਆ ਕਿ ਜੇਕਰ ਉਸ ਨੇ ਕੱਲ੍ਹ ਤਕ ਕਿਸਾਨ ਜਥੇਬੰਦੀਆਂ ਦੀ ਪਹਿਲਾਂ ਦਿੱਤੀ ਅਰਜ਼ੀ ਨੂੰ ਪ੍ਰਵਾਨਗੀ ਨਾਂ ਦਿੱਤੀ ਤਾਂ ਉਹ ਮੌਕੇ ‘ਤੇ ਅਗਲਾ ਫ਼ੈਸਲਾ ਲੈ ਕੇ ਹਰ ਹਾਲਤ ਦਿੱਲੀ ਦੇ ਜੰਤਰ-ਮੰਤਰ ਪਹੁੰਚਣਗੇ। ਜ਼ਿਕਰਯੋਗ ਹੈ ਕਿ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਦੋ ਲੱਖ ਦੇ ਕਰੀਬ ਕਿਸਾਨਾਂ, ਕਿਸਾਨ ਔਰਤਾਂ, ਬੱਚਿਆਂ ਤੇ ਨੌਜਵਾਨਾਂ ਦਾ ਕਾਫ਼ਲਾ ਦਿੱਲੀ ਵੱਲ ਅੱਗੇ ਵਧ ਰਿਹਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਫੋਨ ਕਰ ਕੇ ਕਿਹਾ ਹੈ ਕਿ ਉਹ ਸਰਕਾਰ ਵੱਲੋਂ ਦਿੱਤੀ ਗਈ ਜਗ੍ਹਾ ’ਤੇ ਹੀ ਪ੍ਰਦਰਸ਼ਨ ਕਰਨ।

Farmers protest: Following 'Dilli Chalo' agitation, farmers' organisations decided not to go Delhi and stage protests at the Singhu border.

ਉਗਰਾਹਾਂ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਪਾਰਕ ਵਿਚ ਪ੍ਰਦਰਸ਼ਨ ਕਰਨ ਲਈ ਕਿਹਾ ਪਰ ਉਨ੍ਹਾਂ ਅਮਿਤ ਸ਼ਾਹ ਨੂੰ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਪਾਰਕ ਜਾਂ ਭਵਨ ਵਿਚ ਨਹੀਂ ਜਾਣਗੇ, ਸਗੋਂ ਉਨ੍ਹਾਂ ਨੂੰ ਜੰਤਰ ਮੰਤਰ ‘ਚ ਧਰਨਾ ਦੇਣ ਲਈ ਜਗ੍ਹਾ ਦਿੱਤੀ ਜਾਵੇ। ਕਿਸਾਨ ਆਗੂ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਇਕੱਠ ਮੁਤਾਬਿਕ ਜੰਤਰ ਮੰਤਰ ‘ਚ ਐਨੀ ਜਗ੍ਹਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਦਿੱਤੀ ਜਗ੍ਹਾ ’ਤੇ ਨਹੀਂ ਜਾਣਗੇ।