News Ticker

ਪੰਜਾਬ 'ਚ ਇਨ੍ਹਾਂ ਥਾਵਾਂ ਤੋਂ ਹੋ ਕੇ ਜਾਵੇਗੀ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ'

By Jasmeet Singh -- September 05, 2022 3:05 pm -- Updated:September 05, 2022 3:12 pm

ਚੰਡੀਗੜ੍ਹ, 5 ਸਤੰਬਰ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਅਜੇ ਕੁਮਾਰ ਵੱਲੋਂ ਪੰਜਾਬ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਕਿੰਗਰਾ ਅਤੇ ਜਸਕਰਨ ਕਾਹਲੋਂ ਨਾਲ 'ਭਾਰਤ ਜੋੜੋ ਯਾਤਰਾ' ਦੇ ਸਬੰਧ ਵਿੱਚ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਦਫ਼ਤਰ ਵਿਖੇ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ।

ਮੀਡੀਆ ਕਰਮੀਆਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਭਾਰਤ ਦੀ ਆਜ਼ਾਦੀ ਮਗਰੋਂ ਪਹਿਲੀ ਵਾਰੀ ਹੋਵੇਗਾ ਜਦੋਂ ਕੋਈ ਰਾਜਨੀਤਕ ਦਲ 3,500 ਕਿਲੋਮੀਟਰ ਪੈਦਲ ਤੁਰਦਿਆਂ ਇੱਕ ਯਾਤਰਾ ਨੂੰ ਅੰਜਾਮ ਦੇਵੇਗਾ।

ਉਨ੍ਹਾਂ ਦੱਸਿਆ ਕਿ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਇਹ 150 ਦਿਨ ਲੰਮੀ ਪੈਦਲ ਯਾਤਰਾ ਦੱਖਣ ਵਿਚ ਕੰਨਿਆਕੁਮਾਰੀ ਤੋਂ ਆਰੰਭ ਹੋਵੇਗੀ ਅਤੇ ਉੱਤਰ ਵਿਚ ਕਸ਼ਮੀਰ ਜਾ ਕੇ ਮੁੱਕੇਗੀ ਅਤੇ ਉਹ ਆਪ ਖ਼ੁਦ 3,500 ਕਿਲੋਮੀਟਰ ਪੈਦਲ ਚੱਲਣਗੇ।

ਇਹ ਯਾਤਰਾ 8 ਸਤੰਬਰ ਨੂੰ ਤਾਮਿਲਨਾਡੂ ਦੀ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਰਹੀ ਹੈ। 7 ਸਤੰਬਰ ਨੂੰ ਰਾਹੁਲ ਕੰਨਿਆਕੁਮਾਰੀ ਵਿੱਚ ਜਨਤਕ ਰੈਲੀ ਤੋਂ ਬਾਅਦ ਭਾਰਤ ਜੋੜੋ ਯਾਤਰਾ ਦਾ ਐਲਾਨ ਕਰਨਗੇ। ਕਾਂਗਰਸੀ ਆਗੂ ਨੇ ਕਿਹਾ ਕਿ ਰਾਹੁਲ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਦੌਰਾਨ ਚੋਣ ਪ੍ਰਚਾਰ ਲਈ ਬ੍ਰੇਕ ਲੈਂਦੇ ਹੋਏ ਪੂਰੇ 3,500 ਕਿਲੋਮੀਟਰ ਦਾ ਇਹ ਪੈਦਲ ਸਫ਼ਰ ਪੂਰਾ ਕਰਨਗੇ।

ਪੰਜਾਬ ਵਿਚ ਇਹ ਯਾਤਰਾ 11 ਦਿਨਾਂ ਦੀ ਹੋਣ ਵਾਲੀ ਹੈ ਜੋ ਚਾਰੋ ਸੰਸਦੀ ਚੋਣ ਖੇਤਰ ਅਤੇ 17 ਵਿਧਾਨ ਸਭਾ ਹਲਕਿਆਂ ਤੋਂ ਹੋਂਦਿਆਂ ਹੋਏ ਜਾਵੇਗੀ। ਇਹ ਯਾਤਰਾ ਖਰੜ, ਕੁਰਾਲੀ, ਰੂਪਨਗਰ, ਗੜ੍ਹਸ਼ੰਕਰ, ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਪਠਾਨਕੋਟ ਹੋਂਦਿਆਂ ਹੋਏ ਸੂਬੇ 'ਚੋਂ ਨਿਕਲ ਕੇ ਆਪਣੇ ਅਗਲੇ ਪੜਾਅ ਵੱਲ ਵੱਧ ਜਾਵੇਗੀ।

ਇਹ ਵੀ ਪੜ੍ਹੋ: ਕਾਂਗਰਸੀ ਆਗੂ ਵੜਿੰਗ ਤੇ ਖਹਿਰਾ ਖ਼ਿਲਾਫ਼ ਐਫਆਈਆਰ ਦਰਜ, ਜਾਣੋ ਪੂਰਾ ਮਾਮਲਾ

-PTC News

  • Share