ਕਿਸਾਨ ਯੂਨੀਅਨ ਨੇ ਚੀਫ ਇੰਜੀਨੀਅਰ ਦਫ਼ਤਰ ਦੇ ਬਾਹਰ ਲਾਇਆ ਧਰਨਾ
ਜਲੰਧਰ : ਪੰਜਾਬ ਵਿੱਚ ਬਿਜਲੀ ਸੰਕਟ ਇਸ ਹੱਦ ਤੱਕ ਡੂੰਘਾ ਹੋ ਚੁੱਕਾ ਹੈ ਕਿ ਲੋਕਾਂ ਨੂੰ ਸੜਕਾਂ ਉਤੇ ਉਤਰਨਾ ਪੈ ਰਿਹਾ ਹੈ। ਅੱਤ ਦੀ ਗਰਮੀ ਦੇ ਵਿਚਕਾਰ ਲੰਮੇ-ਲੰਮੇ ਕੱਟਾਂ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਚੁੱਕਾ ਹੈ। ਇਹ ਸਭ ਆਮ ਆਮ ਆਦਮੀ ਸਰਕਾਰ ਦੇ ਦਾਅਵਿਆਂ ਦੀ ਬੁਰੀ ਤਰ੍ਹਾਂ ਪੋਲ ਖੋਲ੍ਹ ਰਹੇ ਹਨ। ਇਸ ਤਹਿਤ ਜਲੰਧਰ ਵਿੱਚ ਵੀ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਚੁੱਕਾ ਹੈ। ਇਸ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਿਸਾਨਾਂ ਨੇ ਸ਼ਕਤੀ ਸਦਨ ਵਿੱਚ ਚੀਫ ਇੰਜੀਨੀਅਰ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਅੱਤ ਦੀ ਗਰਮੀ ਵਿੱਚ ਬਿਜਲੀ ਨਾ ਆਉਣ ਕਾਰਨ ਲੋਕਾਂ ਦਾ ਬੁਰਾ ਹਾਲ। ਉਨ੍ਹਾਂ ਨੇ ਕਿਹਾ ਕਿ ਅਜੇ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਹੈ। ਇਸ ਤੋਂ ਪਹਿਲਾਂ ਹੀ ਬਿਜਲੀ ਪੂਰੀ ਮਾਤਰਾ ਵਿੱਚ ਨਹੀਂ ਮਿਲ ਰਹੀ ਹੈ, ਝੋਨੇ ਦੀ ਸੀਜ਼ਨ ਵਿੱਚ ਕੀ ਹਾਲ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਬਿਜਲੀ ਦੇ ਲੰਮੇ-ਲੰਮੇ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਤੇ ਲੋਕਾਂ ਨੇ ਧਰਨੇ ਲਗਾਏ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਖਰੜ ਵਿੱਚ ਰਾਤ ਭਰ ਬਿਜਲੀ ਨਾ ਆਉਣ ਕਾਰਨ ਸਵੇਰੇ ਤੜਕੇ ਹੀ ਕਿਸਾਨਾਂ ਨੇ ਖਿਜਰਾਬਾਦ ਗਰਿੱਡ ਉਤੇ ਧਰਨਾ ਲਗਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਸੀ। ਪੰਜਾਬ ’ਚ ਐਤਕੀਂ ਅਗੇਤੀ ਗਰਮੀ ਪੈਣ ਕਰਕੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਬਿਜਲੀ ਦਾ ਸੰਕਟ ਬਣ ਗਿਆ ਹੈ ਜੋ ਹੁਣ ਬੇਕਾਬੂ ਹੁੰਦਾ ਜਾਪ ਰਿਹਾ ਹੈ। ‘ਆਪ’ ਸਰਕਾਰ ਨੇ ਬਿਜਲੀ ਸੰਕਟ ਕਾਬੂ ਕਰਨ ਲਈ ਹੀਲੇ ਵਸੀਲੇ ਸ਼ੁਰੂ ਕਰ ਦਿੱਤੇ ਹਨ। ਦੂਜੇ ਬੰਨੇ ਕਿਸਾਨ ਜਥੇਬੰਦੀਆਂ ਨੇ ਬਿਜਲੀ ਸੰਕਟ ਨੂੰ ਲੈ ਕੇ ਪ੍ਰਦਰਸ਼ਨ ਵਿੱਢ ਦਿੱਤੇ ਹਨ। ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਇਸ ਮਾਮਲੇ ’ਚ ਕਟਹਿਰੇ ਵਿਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਤਲਵੰਡੀ ਸਾਬੋ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਬੁਆਇਲਰ ਲੀਕ ਹੋਣ ਕਰਕੇ ਬੰਦ ਹੋ ਗਏ ਸਨ ਜਿਨ੍ਹਾਂ ’ਚੋਂ ਰੋਪੜ ਤਾਪ ਬਿਜਲੀ ਘਰ ਦਾ ਯੂਨਿਟ ਮੁੜ ਚੱਲ ਪਿਆ ਹੈ। ਜ਼ਿਕਰਯੋਗ ਹੈ ਕਿ ਜਿਵੇਂ ਜਿਵੇਂ ਪੰਜਾਬ ਵਿਚ ਤਪਸ਼ ਵਧ ਰਹੀ ਹੈ, ਉਸੇ ਤਰ੍ਹਾਂ ਹੀ ਗਰਮੀ ਵਧਦੀ ਜਾ ਰਹੀ ਹੈ। ਪਾਵਰਕੌਮ ਨੇ ਬਿਜਲੀ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ ਜਿਸ ਕਰਕੇ ਜਨਜੀਵਨ ਪ੍ਰਭਾਵਿਤ ਹੋਣ ਲੱਗ ਪਿਆ ਹੈ। ਐਤਕੀਂ ਵਾਢੀ ਜਲਦੀ ਖ਼ਤਮ ਹੋਣ ਕਰਕੇ ਖੇਤੀ ਸੈਕਟਰ ਵਿਚ ਵੀ ਪਾਣੀ ਦੀ ਮੰਗ ਵਧਣ ਲੱਗ ਪਈ ਹੈ। ਸੂਬੇ ਵਿਚ ਪੰਜ ਤਾਪ ਬਿਜਲੀ ਘਰਾਂ ਦੇ ਕੁੱਲ 15 ਯੂਨਿਟਾਂ ’ਚੋਂ ਇਸ ਵੇਲੇ 10 ਯੂਨਿਟ ਹੀ ਚੱਲ ਰਹੇ ਹਨ। ਪਾਵਰਕੌਮ ਕੋਲ ਇਸ ਵੇਲੇ 4498 ਮਿਲੀਅਨ ਯੂਨਿਟ ਬਿਜਲੀ ਉਪਲੱਬਧ ਹੈ ਜਦੋਂ ਕਿ ਪਿਛਲੇ ਵਰ੍ਹੇ ਅਪਰੈਲ ਵਿਚ 3167 ਮਿਲੀਅਨ ਯੂਨਿਟ ਸੀ। ਇਸ ’ਚ 42 ਫ਼ੀਸਦੀ ਦਾ ਵਾਧਾ ਹੋਇਆ ਹੈ। ਬੀਤੇ ਦਿਨੀਂ ਦੋ ਯੂਨਿਟ ਬੰਦ ਹੋਣ ਕਰਕੇ 800 ਮੈਗਾਵਾਟ ਬਿਜਲੀ ਦੀ ਕਟੌਤੀ ਹੋ ਗਈ ਸੀ। ਦੋ ਦਿਨਾਂ ਤੱਕ ਬਿਜਲੀ ਸਪਲਾਈ ਵਿਚ ਸੁਧਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਤਲਵੰਡੀ ਸਾਬੋ ਤਾਪ ਬਿਜਲੀ ਘਰ ਦਾ ਇੱਕ ਯੂਨਿਟ ਭਲਕੇ ਤੱਕ ਚੱਲਣ ਦੀ ਸੰਭਾਵਨਾ ਹੈ ਜਦੋਂ ਕਿ ਸਾਲਾਨਾ ਮੁਰੰਮਤ ਲਈ ਬੰਦ ਰੋਪੜ ਥਰਮਲ ਦਾ ਯੂਨਿਟ ਵੀ 30 ਅਪ੍ਰੈਲ ਨੂੰ ਚੱਲਣ ਦਾ ਅਨੁਮਾਨ ਹੈ। ਪਹਿਲੀ ਮਈ ਤੋਂ ਬੈਂਕਿੰਗ ’ਚੋਂ 300 ਮੈਗਾਵਾਟ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ। ਪਾਵਰਕੌਮ ਆਸਵੰਦ ਹੈ ਕਿ ਪਹਿਲੀ ਮਈ ਤੋਂ ਬਿਜਲੀ ਸਪਲਾਈ ’ਚ ਕਾਫ਼ੀ ਸੁਧਾਰ ਹੋਵੇਗਾ। ਪੰਜਾਬ ਵਿਚ ਬਿਜਲੀ ਕੱਟ ਲੱਗਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਹਾਤੀ ਖੇਤਰ ਨੂੰ ਸਭ ਤੋਂ ਜ਼ਿਆਦਾ ਮਾਰ ਪੈ ਰਹੀ ਹੈ। ਆਉਂਦੇ ਦਿਨਾਂ ਵਿਚ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਲੋਕਾਂ ਦੇ ਸੜਕਾਂ ’ਤੇ ਉਤਰਨ ਦੀ ਸੰਭਾਵਨਾ ਬਣ ਸਕਦੀ ਹੈ। ਇਹ ਵੀ ਪੜ੍ਹੋ : ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾ ਮਿਲਣ ਕਾਰਨ ਵਿਦਿਆਰਥੀਆਂ ਨੇ ਰੋਕੀ ਆਵਾਜਾਈ