ਗਿਆਨੀ ਜਗਤਾਰ ਸਿੰਘ ਨੇ 3 ਮਈ ਨੂੰ ਹੋਣ ਵਾਲੀ ਇਕੱਤਰਤਾ 'ਚ ਪੰਥਕ ਜਥੇਬੰਦੀਆਂ ਨੂੰ ਸ਼ਾਮਿਲ ਹੋਣ ਦੀ ਕੀਤੀ ਅਪੀਲ
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨਾਲ ਵਾਧੂ ਲਗਾਂ-ਮਾਤਰਾਂ ਲਗਾ ਕੇ ਸਰੂਪ ਛਾਪਣ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 3 ਮਈ ਨੂੰ ਪੰਥਕ ਜਥੇਬੰਦੀਆਂ ਦੀ ਸੱਦੀ ਇਕੱਤਰਤਾ ਵਿਚ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਹੋਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨਾਲ ਵਾਧੂ ਸ਼ਬਦ ਜਾਂ ਲਗ-ਮਾਤਰ ਜੋੜਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਪਰੰਤੂ ਕੁਝ ਲੋਕਾਂ ਵੱਲੋਂ ਗੁਰਬਾਣੀ ਨਾਲ ਛੇੜ-ਛਾੜ ਕਰਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਪੰਥ ਦੋਖੀਆਂ ਦੀ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਗੁਰਬਾਣੀ ਨਾਲ ਛੇੜ-ਛਾੜ ਦਾ ਮਾਮਲਾ ਬੇਹੱਦ ਗੰਭੀਰ ਹੈ, ਜਿਸ ਨੂੰ ਲੈ ਕੇ ਸਮੁੱਚੇ ਖ਼ਾਲਸਾ ਪੰਥ ਦੀਆਂ ਵਰੋਸਾਈਆਂ ਜਥੇਬੰਦੀਆਂ ਇਕਜੁਟ ਹੋਣ। ਸਿੰਘ ਸਾਹਿਬ ਨੇ ਕਿਹਾ ਕਿ ਇਸ ਸਬੰਧ ਵਿਚ ਪੰਥਕ ਤੌਰ ’ਤੇ ਵਿਚਾਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ 3 ਮਈ ਨੂੰ ਪੰਥਕ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ ਸਮੂਹ ਜਥੇਬੰਦੀਆਂ ਗਿਲੇ ਸ਼ਿਕਵੇ ਭੁਲ ਕੇ 3 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਇਸ ਇਕੱਤਰਤਾ ਵਿਚ ਜ਼ਰੂਰ ਸ਼ਾਮਲ ਹੋਣ, ਤਾਂ ਜੋ ਪੰਥਕ ਵਿਚਾਰ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨਾਲ ਕੀਤੀ ਛੇੜ-ਛਾੜ ਦੇ ਦੋਸ਼ੀਆਂ ਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾ ਸਕੇ। -PTC News