Sangrur News : 24 ਸਾਲਾ ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ,3 ਸਾਲ ਪਹਿਲਾਂ ਗਿਆ ਸੀ ਅਮਰੀਕਾ
Punjabi youth dies in America : ਸੰਗਰੂਰ ਜ਼ਿਲ੍ਹੇ ਦੇ ਖਨੌਰੀ ਦੇ ਨੇੜਲੇ ਪਿੰਡ ਮੰਡਵੀ ਦੇ 24 ਸਾਲਾ ਹਰਮਨਪ੍ਰੀਤ ਸਿੰਘ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਮਨਪ੍ਰੀਤ ਸਿੰਘ ਦੇ ਪਿਤਾ ਮੇਜਰ ਸਿੰਘ ਨੇ ਦੱਸਿਆ ਕਿ ਹਰਮਨ ਪ੍ਰੀਤ ਸਿੰਘ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹਨਾਂ ਦੱਸਿਆ ਕਿ ਅਮਰੀਕਾ ਦੀ ਸ਼ੁਕਰਵਾਰ ਦੀ ਰਾਤ ਨੂੰ ਅਚਾਨਕ ਹਾਰਟ ਅਟੈਕ ਆਉਣ ਨਾਲ ਉਸਦੀ ਮੌਤ ਹੋ ਗਈ।
ਉਹਨਾਂ ਦੱਸਿਆ ਕਿ ਉਹਨਾਂ ਦੇ ਇੱਕ ਪੁੱਤਰ ਹਰਮਨਪ੍ਰੀਤ ਸਿੰਘ ਤੇ ਇੱਕ ਧੀ ਹੈ। ਹਰਮਨਪ੍ਰੀਤ ਸਿੰਘ ਦੀ ਮੌਤ ਦੇ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮੇਜਰ ਸਿੰਘ ਨੇ ਦੱਸਿਆ ਕਿ ਉਹ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹਨਾਂ ਕਿਹਾ ਕਿ ਸਾਡੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਮੰਗਾਇਆ ਜਾਵੇ ਤਾਂ ਜੋ ਉਸ ਦਾ ਅੰਤਿਮ ਸਸਕਾਰ ਆਪਣੇ ਰੀਤੀ ਰਿਵਾਜਾਂ ਨਾਲ ਕਰ ਸਕੀਏ।
ਡੰਕੀ ਲਾ ਕੇ ਅਮਰੀਕਾ ਜਾ ਰਹੇ ਨੌਜਵਾਨ ਦੀ ਮੈਕਸਿਕੋ ’ਚ ਮੌਤ
ਇਸ ਤੋਂ ਕੁੱਝ ਦਿਨ ਪਹਿਲਾਂ ਡੰਕੀ ਲਾ ਕੇ ਅਮਰੀਕਾ ਜਾ ਰਹੇ ਪਿੰਡ ਸਮਗੋਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸਿਕੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪੁਲੀਸ ਨੇ ਉਸ ਦੇ ਪਰਿਵਾਰਕ ਮੈਂਬਰ ਦੇ ਬਿਆਨ ’ਤੇ ਦੋ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਅਮਰੀਕਾ ਜਾਣ ਲਈ ਉਸ ਨੇ ਟਰੈਵਲ ਏਜੰਟਾਂ ਨੂੰ 37 ਲੱਖ ਰੁਪਏ ਦਿੱਤੇ ਸਨ। ਉਸ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਸੀ ਕਿ ਹਰਦੀਪ ਪਿਛਲੇ ਸਾਲ ਜੁਲਾਈ ਵਿੱਚ ਏਜੰਟ ਰਾਹੀਂ ਅਮਰੀਕਾ ਜਾਣ ਲਈ ਰਵਾਨਾ ਹੋਇਆ ਸੀ। ਇਹ ਸੌਦਾ 33 ਲੱਖ ਰੁਪਏ ਵਿੱਚ ਤੈਅ ਹੋਇਆ ਸੀ, ਜਦੋਂ ਉਹ ਮੈਕਸਿਕੋ ਪਹੁੰਚਿਆ ਤਾਂ ਏਜੰਟਾਂ ਨੇ ਉਸ ਨੂੰ ਇੱਕ ਸਾਲ ਤੱਕ ਇੱਕ ਕਮਰੇ ਵਿੱਚ ਭੁੱਖਾ-ਪਿਆਸਾ ਬੰਦ ਰੱਖਿਆ। ਇਸ ਦੌਰਾਨ ਏਜੰਟਾਂ ਨੇ ਚਾਰ ਲੱਖ ਰੁਪਏ ਹੋਰ ਮੰਗੇ, ਜੋ ਪਰਿਵਾਰ ਨੇ ਮਜਬੂਰੀ ’ਚ ਭੇਜ ਦਿੱਤੇ।
- PTC NEWS