Chabbewal News : 35 ਸਾਲਾ ਵਿਆਹੁਤਾ ਨੇ ਪੱਖੇ ਨਾਲ ਲਿਆ ਫਾਹਾ, ਪੇਕੇ ਪਰਿਵਾਰ ਨੇ ਸਹੁਰਿਆਂ 'ਤੇ ਲਾਏ ਇਲਜ਼ਾਮ
Chabbewal News : ਹੁਸ਼ਿਆਰਪੁਰ (Hoshiarpur) ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਸੈਦੋ ਪੱਟੀ ਤੋਂ ਹੈ, ਜਿੱਥੋਂ ਦੀ 35 ਸਾਲਾ ਵਿਆਹੁਤਾ ਅਨੁਰਾਧਾ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਕੁੜੀ ਦੇ ਭਰਾ ਨੇ ਕਿਹਾ ਕਿ ਉਸ ਨੂੰ ਉਨ੍ਹਾਂ ਦੇ ਪਰਾਹੁਣੇ ਦਾ ਫੋਨ ਆਇਆ ਕਿ ਘਰ ਜਾਵੇ, ਉਸ ਦੀ ਭੈਣ ਆਤਮ ਹੱਤਿਆ ਕਰਨ ਲਈ ਕਹਿ ਰਹੀ ਹੈ, ਜਦੋਂ ਉਨ੍ਹਾਂ ਨੇ ਘਰ ਜਾ ਕੇ ਦੇਖਿਆ ਤਾਂ ਅਨੁਰਾਧਾ ਪੱਖੇ ਨਾਲ ਲਟਕਦੀ ਮਿਲੀ।
ਕੁੜੀ ਦੇ ਭਰਾ ਨੇ ਕਿਹਾ ਕਿ ਜਦੋਂ ਉਹ ਪਹੁੰਚੇ ਤਾਂ ਉਸਦੀ ਭੈਣ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਪਰ ਉਹਨਾਂ ਨੂੰ ਇੰਜ ਲੱਗਦਾ ਹੈ ਜਿਵੇਂ ਉਸਦੀ ਭੈਣ ਨੂੰ ਉਸ ਦੀ ਸੋਹਰਾ ਪਰਿਵਾਰ ਨੇ ਮਾਰ ਕੇ ਟੰਗਿਆ ਹੋਵੇ। ਪੀੜਤ ਪਰਿਵਾਰ ਨੇ ਕਿਹਾ ਕਿ ਕੁੜੀ ਨੂੰ ਉਸਦਾ ਸਹੁਰਾ ਪਰਿਵਾਰ ਸੱਸ ਅਤੇ ਉਸਦਾ ਪਤੀ ਪਿਛਲੇ ਲੰਬੇ ਸਮੇਂ ਤੋਂ ਤੰਗ ਕਰਦੇ ਸਨ। ਉਨ੍ਹਾਂ ਕਿਹਾ ਕਿ ਕੁੜੀ ਵੱਲੋਂ ਸਰਕਾਰੀ ਨੌਕਰੀ ਕਰਨ ਲਈ ਪੇਪਰ ਵੀ ਦਿੱਤੇ ਗਏ ਅਤੇ ਸੱਸ ਨੇ ਉਸ ਨੂੰ ਕਿਹਾ ਕਿ ਸਾਡੇ ਘਰ ਵਿੱਚ ਕੁੜੀਆਂ ਕੰਮ ਨਹੀਂ ਕਰਦੀਆਂ, ਇਸ ਲਈ ਉਹ ਨੌਕਰੀ ਨਹੀਂ ਕਰ ਸਕਦੀ।
ਪਰਿਵਾਰ ਨੇ ਕਿਹਾ ਕਿ ਅਨੁਰਾਧਾ ਨੂੰ ਪਿਛਲੇ ਲੰਬੇ ਸਮੇਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਬਾਰੇ ਕੁੜੀ ਨੇ ਕਈ ਵਾਰ ਆਪਣੇ ਮਾਂ ਪਿਓ ਨੂੰ ਦੱਸਿਆ। ਆਖਰ ਅੱਜ ਉਸਨੇ ਤੰਗ ਹੋ ਕੇ ਇੰਨਾ ਵੱਡਾ ਕਦਮ ਚੁੱਕ ਲਿਆ।
ਦੂਜੇ ਪਾਸੇ ਇਸ ਸਬੰਧੀ ਥਾਣਾ ਚੱਬੇਵਾਲ ਦੇ ਮੁਲਾਜ਼ਮ ਦਲਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕੱਲ ਸਵੇਰੇ ਇੱਕ ਇਤਲਾਹ ਮਿਲੀ ਸੀ ਕਿ ਪਿੰਡ ਸੈਦੋ ਪੱਟੀ ਵਿੱਚ ਇੱਕ ਕੁੜੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ। ਉਹਨਾਂ ਨੇ ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਅਤੇ ਕੁੜੀ ਦੇ ਭਰਾ ਦੇ ਬਿਆਨਾਂ 'ਤੇ ਐਫਆਈਆਰ ਕੱਟੀ ਗਈ ਹੈ।
- PTC NEWS