Blast in Punjab : ਪੰਜਾਬ ਦੇ ਅੰਮ੍ਰਿਤਸਰ 'ਚ ਸ਼ਨੀਵਾਰ ਦੇਰ ਰਾਤ ਠਾਕੁਰਦੁਆਰਾ ਮੰਦਰ (Thakurdwara Mandir) 'ਤੇ ਹਮਲਾ ਕੀਤਾ ਗਿਆ। ਬਾਈਕ ਸਵਾਰ ਦੋ ਲੋਕਾਂ ਨੇ ਮੰਦਰ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ। ਹਾਲਾਂਕਿ, ਪੰਜਾਬ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪੰਜਾਬ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਧਮਾਕੇ ਹੋ ਚੁੱਕੇ ਹਨ। ਪੁਲਿਸ ਥਾਣਿਆਂ ਤੇ ਚੌਕੀਆਂ ਨੇੜੇ ਆਈਈਡੀ ਧਮਾਕੇ ਤੋਂ ਲੈ ਕੇ ਕਈ ਥਾਵਾਂ 'ਤੇ ਆਰ.ਡੀ.ਐਕਸ. ਧਮਾਕਿਆਂ ਤੋਂ ਬਾਅਦ ਹੁਣ ਧਾਰਮਿਕ ਸਥਾਨਾਂ ਜਾਂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ 'ਚ ਲਗਾਤਾਰ ਹੋ ਰਹੇ ਧਮਾਕਿਆਂ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਹਨ ਕਿ ਇੰਨੇ ਵੱਡੀ ਪੱਧਰ 'ਤੇ ਧਮਾਕਿਆਂ ਪਿੱਛੇ ਆਖਿਰ ਹੈ ਕੌਣ? ਇਨ੍ਹਾਂ ਧਮਾਕਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨਅਤੇ ਪੁਲਿਸ ਨੇ ਇਸ ਹਮਲੇ ਪਿੱਛੇ ਆਈ.ਐਸ.ਆਈ. ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੁਣ ਤੱਕ ਪੰਜਾਬ ਵਿੱਚ ਹੋਏ 13 ਧਮਾਕੇ
- 14 ਫਰਵਰੀ 2025 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਦੇ ਬਾਹਰ ਧਮਾਕਾ ਹੋਇਆ ਸੀ।
- 3 ਫਰਵਰੀ 2025 ਨੂੰ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਬੰਦ ਪੁਲਿਸ ਚੌਕੀ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ।
- 16 ਜਨਵਰੀ 2025 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੈਂਤੀਪੁਰ ਵਿੱਚ ਸ਼ਰਾਬ ਕਾਰੋਬਾਰੀ ਅਮਨਦੀਪ ਜੈਂਤੀਪੁਰੀਆ ਦੇ ਘਰ ‘ਤੇ ਗ੍ਰਨੇਡ ਹਮਲਾ ਹੋਇਆ ਸੀ।
- 19 ਜਨਵਰੀ 2025 ਨੂੰ ਅੰਮ੍ਰਿਤਸਰ ਦੇ ਗੁਮਟਾਲਾ ਚੌਕੀ 'ਤੇ ਧਮਾਕਾ ਹੋਇਆ ਸੀ। ਇਸ ਧਮਾਕੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਸੀ।
- 21 ਦਸੰਬਰ 2024 ਨੂੰ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਪਿੰਡ ਬੰਗਾ ਵਡਾਲਾ ਦੀ ਪੁਲਿਸ ਚੌਕੀ ਵਿੱਚ ਧਮਾਕਾ ਹੋਇਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਵੀ ਲਈ ਸੀ।
- 19 ਦਸੰਬਰ 2024 ਨੂੰ ਪੰਜਾਬ ਦੀ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਜ਼ਿਲ੍ਹੇ ਦੀ ਬੰਦ ਪਈ ਪੁਲਿਸ ਚੌਕੀ ਬਖਸ਼ੀਵਾਲਾ 'ਤੇ ਅੱਤਵਾਦੀ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਪੁਲਿਸ ਮਾਮਲੇ 'ਚ ਜ਼ਬਤ ਕੀਤੇ ਗਏ ਆਟੋ 'ਤੇ ਗ੍ਰੇਨੇਡ ਸੁੱਟਿਆ ਸੀ।
- 17 ਦਸੰਬਰ 2024 ਨੂੰ, ਇਸਲਾਮਾਬਾਦ ਪੁਲਿਸ ਸਟੇਸ਼ਨ, ਪੰਜਾਬ ਵਿੱਚ ਇੱਕ ਗ੍ਰਨੇਡ ਧਮਾਕਾ ਹੋਇਆ ਸੀ। ਸਥਾਨਕ ਪੁਲਿਸ ਨੇ ਇਸ ਨੂੰ ਧਮਾਕਾ ਨਹੀਂ ਕਿਹਾ, ਪਰ ਬਾਅਦ ਵਿੱਚ ਡੀਜੀਪੀ ਪੰਜਾਬ ਨੇ ਖੁਦ ਅੰਮ੍ਰਿਤਸਰ ਪਹੁੰਚ ਕੇ ਮੰਨਿਆ ਕਿ ਇਹ ਇੱਕ ਅੱਤਵਾਦੀ ਘਟਨਾ ਸੀ ਅਤੇ ਬੰਬ ਧਮਾਕਾ ਕੀਤਾ ਗਿਆ ਸੀ।
- 13 ਦਸੰਬਰ 2024 ਨੂੰ ਥਾਣਾ ਅਲੀਵਾਲ ਬਟਾਲਾ ਵਿਖੇ ਗ੍ਰੇਨੇਡ ਧਮਾਕਾ ਹੋਇਆ ਸੀ। ਇਸ ਘਟਨਾ ਦੀ ਜ਼ਿੰਮੇਵਾਰੀ ਵੀ ਹੈਪੀ ਪਸਿਆਣਾ ਅਤੇ ਉਸ ਦੇ ਸਾਥੀਆਂ ਨੇ ਲਈ ਹੈ। ਇਹ ਘਟਨਾ ਵੀ ਰਾਤ ਸਮੇਂ ਵਾਪਰੀ।
- 4 ਦਸੰਬਰ 2024 ਨੂੰ ਜਦੋਂ ਮਜੀਠਾ ਥਾਣੇ ਵਿੱਚ ਇੱਕ ਗ੍ਰਨੇਡ ਵਿਸਫੋਟ ਹੋਇਆ ਤਾਂ ਪੁਲਿਸ ਨੇ ਹਮਲੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਕਰਮਚਾਰੀ ਦੀ ਬਾਈਕ ਦਾ ਟਾਇਰ ਫਟ ਗਿਆ।
- 2 ਦਸੰਬਰ 2024 ਨੂੰ ਐਸਬੀਐਸ ਨਗਰ ਦੇ ਕਾਠਗੜ੍ਹ ਥਾਣੇ ਵਿੱਚ ਗ੍ਰੇਨੇਡ ਧਮਾਕਾ ਹੋਇਆ ਸੀ। ਇਸ ਮਾਮਲੇ 'ਚ ਵੀ ਪੁਲਸ ਨੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਸਨ।
- 27 ਨਵੰਬਰ 2024 ਨੂੰ ਗੁਰਬਖਸ਼ ਨਗਰ ਵਿੱਚ ਇੱਕ ਬੰਦ ਪੁਲਿਸ ਚੌਕੀ ਵਿੱਚ ਗ੍ਰੇਨੇਡ ਧਮਾਕਾ ਹੋਇਆ ਸੀ।
- 24 ਨਵੰਬਰ 2024 ਨੂੰ ਅਜਨਾਲਾ ਥਾਣੇ ਦੇ ਬਾਹਰ ਆਰ.ਡੀ.ਐਕਸ. ਹਾਲਾਂਕਿ ਇਹ ਫਟਿਆ ਨਹੀਂ। ਹੈਪੀ ਪਸਿਆਣਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਜਦੋਂਕਿ ਪੁਲਿਸ ਨੇ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਹਨ।
ਹੁਣ ਅੰਮ੍ਰਿਤਸਰ 'ਚ 13ਵਾਂ ਤੇ ਧਾਰਮਿਕ ਸੰਸਥਾ ਦੇ ਬਾਹਰ ਪਹਿਲਾ ਧਮਾਕਾ
ਹੁਣ ਅੰਮ੍ਰਿਤਸਰ ਵਿੱਚ ਇਹ 13ਵਾਂ ਧਮਾਕਾ ਹੋਇਆ ਹੈ, ਜਿਸ ਦੀ ਸੀਸੀਟੀਵੀ ਫੁਟੇਜ ਮੁਤਾਬਕ ਰਾਤ ਕਰੀਬ 12:35 ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੰਦਰ ਦੇ ਬਾਹਰ ਪੁੱਜੇ। ਉਹ ਮੰਦਰ ਦੇ ਬਾਹਰ ਕੁਝ ਸਕਿੰਟਾਂ ਲਈ ਰੁਕੇ ਅਤੇ ਫਿਰ ਅਚਾਨਕ ਮੰਦਰ ਵੱਲ ਕੁਝ ਸੁੱਟ ਦਿੱਤਾ। ਜਿਵੇਂ ਹੀ ਉਹ ਉਥੋਂ ਭੱਜੇ ਤਾਂ ਕੁਝ ਹੀ ਪਲਾਂ 'ਚ ਮੰਦਰ 'ਚ ਜ਼ਬਰਦਸਤ ਧਮਾਕਾ ਹੋ ਗਿਆ। ਘਟਨਾ ਦੇ ਸਮੇਂ ਪੁਜਾਰੀ ਮੰਦਰ 'ਚ ਸੌਂ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
- PTC NEWS