Chandigarh News : ਚੰਡੀਗੜ੍ਹ ਦੇ ਦੋ ਵੱਡੇ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਬੰਬ ਸਕੁਐਡ ਟੀਮਾਂ ਨਾਲ ਵਧਾਈ ਸੁਰੱਖਿਆ
Chandigarh City News : ਚੰਡੀਗੜ੍ਹ 'ਚ ਅਜੇ ਦੋ ਕਲੱਬਾਂ 'ਚ ਦੇਸੀ ਬੰਬਾਂ ਨਾਲ ਧਮਾਕੇ ਦਾ ਮਾਮਲਾ ਠੰਡਾ ਨਹੀਂ ਹੋਇਆ ਹੈ ਕਿ ਹੁਣ ਸ਼ਹਿਰ ਦੇ ਦੋ ਵੱਡੇ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਦੇ ਹਯਾਤ ਅਤੇ ਲਲਿਤ ਹੋਟਲ ਨੂੰ ਇਹ ਧਮਕੀਆਂ ਈਮੇਲ ਰਾਹੀਂ ਮਿਲੀਆਂ ਹਨ। ਹੋਟਲ ਪ੍ਰਬੰਧਕਾਂ ਨੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਹੋਟਲਾਂ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਬਾਰੇ ਐਸਐਸਪੀ ਕੰਵਰਦੀਪ ਕੌਰ ਨੇ ਕਿਹਾ ਹੈ ਕਿ ਚੰਡੀਗੜ੍ਹ ਦੇ ਹਯਾਤ ਅਤੇ ਲਲਿਤ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇਹ ਈਮੇਲ ਕਿਸ ਨੇ ਅਤੇ ਕਿੱਥੋਂ ਭੇਜੀਆਂ ਹਨ। ਉਨ੍ਹਾਂ ਦੱਸਿਆ ਕਿ ਬੰਬ ਦੀ ਧਮਕੀ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਚੌਕੰਨੀ ਹੈ ਅਤੇ ਹੋਟਲਾਂ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਬੰਬ ਸਕੁਐਡ ਟੀਮਾਂ ਨਾਲ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੇ ਆਖਰੀ ਹਫਤੇ 'ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਸੈਕਟਰ-26 ਸਥਿਤ ਸੇਵਿਲ ਬਾਰ ਐਂਡ ਲੌਂਜ ਅਤੇ ਡੀਓਰਾ ਕਲੱਬ ਦੇ ਬਾਹਰ ਤੜਕੇ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਪਿੱਛੇ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਸੀ।
- PTC NEWS