Weather change : 1901 ਮਗਰੋਂ 2023 ਦਾ ਫਰਵਰੀ ਮਹੀਨਾ ਰਿਹੈ ਸਭ ਤੋਂ ਗਰਮ, ਇਸ ਵਾਰ ਮਾਰਚ 'ਚ ਵੀ ਸਤਾਏਗੀ ਗਰਮੀ
ਨਵੀਂ ਦਿੱਲੀ : ਜਨਵਰੀ ਮਹੀਨੇ ਦੇ ਅੰਤ ਤੋਂ ਹੀ ਉੱਤਰੀ ਭਾਰਤ 'ਚ ਅੱਤ ਦੀ ਗਰਮੀ ਪੈ ਰਹੀ ਹੈ। ਫਰਵਰੀ ਵਿਚ ਪਈ ਗਰਮੀ ਨੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੌਰਾਨ ਦਿਨ ਦਾ ਔਸਤ ਤਾਪਮਾਨ ਆਮ ਨਾਲੋਂ 1.73 ਡਿਗਰੀ ਸੈਲਸੀਅਸ ਵੱਧ ਰਿਹਾ। ਇਸ ਤੋਂ ਪਹਿਲਾਂ ਅਜਿਹਾ ਤਾਪਮਾਨ ਫਰਵਰੀ 1901 ਵਿਚ ਦਰਜ ਕੀਤਾ ਗਿਆ ਸੀ, ਜਦੋਂ ਔਸਤ ਤਾਪਮਾਨ ਆਮ ਨਾਲੋਂ 0.81 ਡਿਗਰੀ ਸੈਲਸੀਅਸ ਵੱਧ ਸੀ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ 3 ਮਹੀਨਿਆਂ 'ਚ ਗਰਮੀ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰੇਗੀ। 1 ਮਾਰਚ ਤੋਂ ਮੌਸਮ ਵਿਭਾਗ ਪੂਰੇ ਦੇਸ਼ ਲਈ ਹੀਟਵੇਵ ਲਈ ਕਲਰ-ਕੋਡਿਡ ਚਿਤਾਵਨੀ ਵੀ ਜਾਰੀ ਕਰੇਗਾ
। ਦੇਸ਼ ਦੇ ਕਈ ਖੇਤਰਾਂ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਤਾਪਮਾਨ ਵੱਧ ਰਹਿਣ ਦੀ ਸੰਭਾਵਨਾ ਹੈ ਤੇ ਲੂੰ ਕੰਡੇ ਗਰਮੀ ਦੀ ਭਵਿੱਖਬਾਣੀ ਹੈ। ਦਿਨ ਦਾ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰ-ਪੂਰਬੀ, ਪੂਰਬੀ ਤੇ ਮੱਧ ਭਾਰਤ ਦੇ ਨਾਲ-ਨਾਲ ਉੱਤਰ-ਪੱਛਮੀ ਖੇਤਰ ਵਿਚ ਮਾਰਚ ਤੋਂ ਤਾਪਮਾਨ ਔਸਤ ਦੇ ਮੁਕਾਬਲੇ ਵਧੇਗਾ।
ਭਾਰਤ ਵਿਚ ਅਗਲੇ ਤਿੰਨ ਮਹੀਨਿਆਂ 'ਚ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋਵੇਗਾ। ਹੀਟਵੇਵ ਦਾ ਅਸਰ ਦੇਸ਼ ਦੇ ਕਈ ਹਿੱਸਿਆਂ, ਖਾਸ ਕਰਕੇ ਦੱਖਣੀ ਭਾਰਤ, ਮੱਧ ਭਾਰਤ ਦੇ ਕੁਝ ਹਿੱਸਿਆਂ, ਪੱਛਮੀ ਭਾਰਤ ਤੇ ਉੱਤਰੀ ਭਾਰਤ ਵਿਚ ਦੇਖਿਆ ਜਾਵੇਗਾ। ਇਸ ਤੋਂ ਇਲਾਵਾ ਮਾਰਚ 'ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਿਤੇ ਵੱਧ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : LPG Cylinder Price Hike: ਹੋਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ 50 ਰੁਪਏ ਇਜ਼ਾਫਾ
ਰਿਪੋਰਟ ਮੁਤਾਬਕ ਆਉਣ ਵਾਲੇ 3 ਮਹੀਨਿਆਂ ਦੌਰਾਨ ਦਿਨ ਵੇਲੇ ਭਿਆਨਕ ਗਰਮੀ ਹੋਵੇਗੀ। ਰਾਤ ਦਾ ਤਾਪਮਾਨ ਵੀ ਔਸਤ ਤੋਂ ਉਪਰ ਰਹਿਣ ਦੀ ਸੰਭਾਵਨਾ ਹੈ। ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੇ ਕੇਰਲ ਦੇ ਕੁਝ ਇਲਾਕਿਆਂ 'ਚ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਅੱਤ ਦੀ ਗਰਮੀ ਤੇ ਰਾਤ ਦਾ ਤਾਪਮਾਨ ਜ਼ਿਆਦਾ ਰਹਿ ਸਕਦਾ ਹੈ।
- PTC NEWS