Ludhiana News : ਮਹਿਲਾ ਐਡਵੋਕੇਟ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ, ਅਲਮਾਰੀ 'ਚੋਂ ਮਿਲਿਆ ਸੁਸਾਈਡ ਨੋਟ , ਪਰਿਵਾਰ ਨੇ ਸਹੇਲੀ 'ਤੇ ਲਾਏ ਕਤਲ ਦੇ ਆਰੋਪ
Ludhiana News : ਲੁਧਿਆਣਾ ਦੀ ਈਡਬਲਯੂਐਸ ਕਲੋਨੀ ਵਿੱਚ ਸਹੇਲੀ ਨਾਲ ਕਿਰਾਏ 'ਤੇ ਰਹਿ ਰਹੀ ਮਹਿਲਾ ਐਡਵੋਕੇਟ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਐਡਵੋਕੇਟ ਦੀ ਪਛਾਣ ਮਾਨਸਾ ਦੀ ਰਹਿਣ ਵਾਲੀ ਦਿਲਜੋਤ ਸ਼ਰਮਾ ਵਜੋਂ ਹੋਈ ਹੈ। ਉਸਦੇ ਨਾਲ ਰਹਿ ਰਹੀ ਉਸਦੀ ਸਹੇਲੀ ਰਵਿੰਦਰ ਕੌਰ ਜੋ ਕਿ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੈ ਨੇ ਦੱਸਿਆ ਕਿ ਦਿਲਜੋਤ ਕਾਫੀ ਸਮੇਂ ਤੋਂ ਬੀਮਾਰ ਸੀ।
ਬੀਤੇ ਦਿਨੀ ਅਚਾਨਕ ਉਹ ਚੱਕਰ ਖਾ ਕੇ ਗਿਰ ਗਈ ,ਉਸ ਨੂੰ ਡੀਐਮਸੀ ਹਸਪਤਾਲ ਐਡਮਿਟ ਕਰਵਾਇਆ ਗਿਆ ,ਜਿੱਥੇ ਉਸ ਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਹਸਪਤਾਲ ਵਾਲਿਆਂ ਨੇ ਦਿਲਜੋਤ ਦੀਆਂ ਮੈਡੀਕਲ ਰਿਪੋਰਟਾਂ ਮੰਗੀਆਂ ਸੀ, ਜਦੋਂ ਮੈਂ ਉਸਦੇ ਅਲਮਾਰੀ ਵਿੱਚੋਂ ਡਾਕੂਮੈਂਟ ਲੱਭ ਰਹੀ ਸੀ ਤਾਂ ਉਥੇ ਇਕ ਸੁਸਾਈਡ ਨੋਟ ਪਿਆ ਮਿਲਿਆ ,ਜਿਸ ਵਿੱਚ ਦਿਲਜੋਤ ਨੇ ਖੁਦਕੁਸ਼ੀ ਕਰਨ ਦੀ ਗੱਲ ਆਖੀ ਸੀ।
ਦੂਜੇ ਪਾਸੇ ਮੌਕੇ 'ਤੇ ਪਹੁੰਚੀ ਕੁੜੀ ਦੀ ਮਾਤਾ ਵੀਰਪਾਲ ਕੌਰ ਨੇ ਆਰੋਪ ਲਾਇਆ ਕਿ ਰਵਿੰਦਰ ਕੌਰ ਜਿਹੜਾ ਸੁਸਾਈਡ ਨੋਟ ਦਿਖਾ ਰਹੀ ਹੈ, ਉਸ ਵਿੱਚ ਉਹਨਾਂ ਦੀ ਕੁੜੀ ਦੀ ਲਿਖਾਈ ਨਹੀਂ ਹੈ। ਉਹਨਾਂ ਕਿਹਾ ਕਿ ਰਵਿੰਦਰ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਦਿਲਜੋਤ ਦਾ ਕਤਲ ਕੀਤਾ ਹੈ। ਉਹਨਾਂ ਨੇ ਪੁਲਿਸ ਕੋਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੁਹਾਰ ਲਾਈ ਹੈ।
ਉੱਥੇ ਹੀ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਐਸਐਚਓ ਗਗਨਦੀਪ ਨੇ ਦੱਸਿਆ ਕਿ ਡੀਐਮਸੀ ਹਸਪਤਾਲ ਤੋਂ ਇੱਕ ਕੁੜੀ ਦੇ ਸੂਸਾਈਡ ਕਰਨ ਸਬੰਧੀ ਜਾਣਕਾਰੀ ਮਿਲੀ ਹੈ ਜਦਕਿ ਪਰਿਵਾਰ ਨੇ ਲੜਕੀ ਦਾ ਕਤਲ ਹੋਣ ਦਾ ਆਰੋਪ ਲਾਇਆ ਹੈ। ਦਿਲਜੋਤ ਦੀ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ ਤੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਏਗੀ।
- PTC NEWS