Cab ਬੁੱਕ ਕਰਕੇ ਪੂਰਾ ਸ਼ਹਿਰ ਘੁੰਮਦੀ ਰਹੀ ਮਹਿਲਾ , ਕਿਰਾਇਆ ਮੰਗਣ 'ਤੇ ਛੇੜਛਾੜ ਦੇ ਮਾਮਲੇ 'ਚ ਫਸਾਉਣ ਦੀ ਦਿੱਤੀ ਧਮਕੀ
Gurugram Cab Fraud : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਔਰਤ, ਕੈਬ ਡਰਾਈਵਰ ਨੂੰ ਘੰਟਿਆਂ ਤੱਕ ਸ਼ਹਿਰ ਵਿੱਚ ਘੁੰਮਾਉਂਦੀ ਰਹੀ ਅਤੇ ਜਦੋਂ ਉਸਨੇ ਕਿਰਾਇਆ ਮੰਗਿਆ ਤਾਂ ਉਸਨੇ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਅਤੇ ਉਸਨੂੰ ਛੇੜਛਾੜ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਔਰਤ ਵਿਰੁੱਧ ਐਫਆਈਆਰ ਦਰਜ ਕੀਤੀ ਹੈ।
ਪੁਲਿਸ ਦੇ ਅਨੁਸਾਰ ਕੈਬ ਡਰਾਈਵਰ ਜ਼ਿਆਉਦੀਨ ਨੇ ਸ਼ਿਕਾਇਤ ਕੀਤੀ ਕਿ ਮਹਿਲਾ ਯਾਤਰੀ ਜੋਤੀ ਦਲਾਲ ਨੇ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਕੈਬ ਬੁੱਕ ਕੀਤੀ। ਔਰਤ ਨੇ ਪਹਿਲਾਂ ਉਸਨੂੰ ਸੈਕਟਰ 31, ਫਿਰ ਬੱਸ ਸਟੈਂਡ ਅਤੇ ਫਿਰ ਸਾਈਬਰ ਸਿਟੀ ਜਾਣ ਲਈ ਕਿਹਾ। ਡਰਾਈਵਰ ਜ਼ਿਆਉਦੀਨ ਦੇ ਅਨੁਸਾਰ ਯਾਤਰਾ ਦੌਰਾਨ ਔਰਤ ਨੇ ਪੈਸੇ ਮੰਗੇ ਅਤੇ ਉਸਨੇ ਉਸਨੂੰ 700 ਰੁਪਏ ਦਿੱਤੇ। ਇਸ ਤੋਂ ਬਾਅਦ ਔਰਤ ਨੇ ਕਈ ਥਾਵਾਂ 'ਤੇ ਖਾਧਾ-ਪੀਤਾ, ਜਿਸ ਦਾ ਸਾਰਾ ਖਰਚ ਡਰਾਈਵਰ ਨੇ ਅਦਾ ਕੀਤਾ।
ਡਰਾਈਵਰ ਦਾ ਆਰੋਪ ਹੈ ਕਿ ਜਦੋਂ ਉਸਨੇ ਦੁਪਹਿਰ ਨੂੰ ਕਿਰਾਇਆ ਮੰਗਿਆ ਅਤੇ ਰਾਇਡ ਖਤਮ ਕਰ ਦਿੱਤੀ ਤਾਂ ਔਰਤ ਗੁੱਸੇ ਵਿੱਚ ਆ ਗਈ ਅਤੇ ਉਸਨੂੰ ਚੋਰੀ ਜਾਂ ਛੇੜਛਾੜ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦਿੱਤੀ। ਫਿਰ ਔਰਤ ਸੈਕਟਰ-29 ਪੁਲਿਸ ਸਟੇਸ਼ਨ ਗਈ ਅਤੇ ਹੰਗਾਮਾ ਕੀਤਾ। ਔਰਤ ਦੇ ਜਾਣ ਤੋਂ ਬਾਅਦ ਡਰਾਈਵਰ ਨੇ ਪੁਲਿਸ ਨੂੰ ਸਾਰੀ ਕਹਾਣੀ ਦੱਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਜੋਤੀ ਦਲਾਲ ਉਹੀ ਔਰਤ ਸੀ ,ਜਿਸਨੇ ਪਹਿਲਾਂ ਇੱਕ ਹੋਰ ਕੈਬ ਡਰਾਈਵਰ ਅਤੇ ਇੱਕ ਸੈਲੂਨ ਨਾਲ ਧੋਖਾ ਕੀਤਾ ਸੀ।
ਪੁਲਿਸ ਦੇ ਅਨੁਸਾਰ ਔਰਤ ਨੇ ਇੱਕ ਸੈਲੂਨ ਨਾਲ ਲਗਭਗ 20,000 ਰੁਪਏ ਦੀ ਠੱਗੀ ਮਾਰੀ ਸੀ ਅਤੇ ਪਹਿਲਾਂ ਇੱਕ ਕੈਬ ਡਰਾਈਵਰ ਨੂੰ 2,000 ਰੁਪਏ ਦੇਣ ਵਿੱਚ ਅਸਫਲ ਰਹੀ ਸੀ। ਫਰਵਰੀ 2024 ਵਿੱਚ ਔਰਤ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ,ਜਿਸ ਵਿੱਚ ਉਹ ਕਿਰਾਏ ਨੂੰ ਲੈ ਕੇ ਇੱਕ ਕੈਬ ਡਰਾਈਵਰ ਨਾਲ ਬਹਿਸ ਕਰਦੀ ਦਿਖਾਈ ਦੇ ਰਹੀ ਸੀ। ਸੈਕਟਰ-29 ਪੁਲਿਸ ਸਟੇਸ਼ਨ ਦੇ ਇੰਚਾਰਜ ਰਵੀ ਕੁਮਾਰ ਨੇ ਦੱਸਿਆ ਕਿ ਔਰਤ ਵਿਰੁੱਧ ਧੋਖਾਧੜੀ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਆਰੋਪੀ ਔਰਤ ਨੂੰ ਗ੍ਰਿਫ਼ਤਾਰ ਕਰ ਲਵੇਗੀ।
- PTC NEWS