Mansa : ਸਿਹਤ ਵਿਭਾਗ ਦੇ ਸੁਪਰਵਾਈਜ਼ਰ ਨੇ ਨਹਿਰ 'ਚ ਮਾਰੀ ਛਾਲ, ਪਰਿਵਾਰ ਨੇ 'ਆਪ' ਵਿਧਾਇਕ 'ਤੇ ਲਾਏ ਇਲਜ਼ਾਮ
Mansa : ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਸਿਹਤ ਵਿਭਾਗ ਸੁਪਰਵਾਈਜ਼ਰ (Health Supervisor Death) ਦੇ ਲਾਪਤਾ ਹੋਣ ਤੋਂ ਬਾਅਦ ਅੱਜ ਉਸ ਦੀ ਲਾਸ਼ ਜ਼ਿਲ੍ਹੇ ਦੇ ਪਿੰਡ ਮਾਖਾ ਵਿਖੇ ਰਜਵਾਹੇ ਦੇ ਵਿੱਚੋਂ ਮਿਲੀ ਹੈ। ਪਰਿਵਾਰ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਕੁਝ ਸਿਹਤ ਕਰਮਚਾਰੀਆਂ ਦੇ ਕਹਿਣ 'ਤੇ ਭੁਪਿੰਦਰ ਕੁਮਾਰ ਨੂੰ ਫੋਨ ਰਾਹੀਂ ਧਮਕਾਇਆ ਗਿਆ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਪਰਿਵਾਰਕ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ 'ਤੇ ਲਾਏ ਇਲਜ਼ਾਮ
ਸਿਹਤ ਵਿਭਾਗ ਦੇ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਉਨਾਂ ਨੂੰ ਫੋਨ ਰਾਹੀਂ ਧਮਕਾਉਣ ਦੇ ਦੋਸ਼ ਲਗਾਏ ਹਨ। ਪਰਿਵਾਰ ਨੇ ਦੋਸ਼ ਕਿ ਕੁਝ ਸਿਹਤ ਵਿਭਾਗ ਦੇ ਕਰਮਚਾਰੀ ਲੇਟ ਆਉਂਦੇ ਸਨ, ਜਿਸ ਕਾਰਨ ਸਿਹਤ ਵਿਭਾਗ ਦੇ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਵੱਲੋਂ ਉਨ੍ਹਾਂ ਨੂੰ ਤਾੜਿਆ ਜਾਂਦਾ ਸੀ, ਜਿਸਦੇ ਚਲਦਿਆਂ ਉਨ੍ਹਾਂ ਵੱਲੋਂ ਇਕੱਠੇ ਹੋ ਕੇ ਪ੍ਰਿੰਸੀਪਲ ਬੁੱਧ ਰਾਮ ਤੋਂ ਫੋਨ ਕਰਵਾ ਕੇ ਉਹਨਾਂ ਨੂੰ ਧਮਕਾਇਆ ਗਿਆ, ਜਿਸ ਕਾਰਨ ਉਹਨਾਂ ਵੱਲੋਂ ਆਪਣੀ ਬੇਇਜਤੀ ਨਾ ਸਹਾਰਦੇ ਹੋਏ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ। ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਦੀ ਲਾਸ਼ ਜਿਲ੍ਹੇ ਦੇ ਪਿੰਡ ਮਾਖਾ ਦੇ ਰਜਵਾਹੇ ਵਿੱਚੋਂ ਮਿਲੀ ਹੈ, ਜਿਸ ਨੂੰ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।
ਵਿਧਾਇਕ ਨੇ ਦੋਸ਼ਾਂ ਨੂੰ ਨਕਾਰਿਆ
ਉਧਰ, ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦੇ ਕੁਝ ਕਰਮਚਾਰੀ ਉਹਨਾਂ ਕੋਲ ਆਏ ਸਨ ਅਤੇ ਉਹਨਾਂ ਦੋਸ਼ ਲਾਇਆ ਸੀ ਕਿ ਭੁਪਿੰਦਰ ਕੁਮਾਰ ਉਹਨਾਂ ਨੂੰ ਹਾਜ਼ਰੀ ਨਹੀਂ ਲਗਾਉਣ ਦਿੰਦੇ ਅਤੇ ਰਜਿਸਟਰ ਛੁਪਾ ਲੈਂਦੇ ਹਨ, ਜਿਸ ਸਬੰਧੀ ਉਨ੍ਹਾਂ ਵੱਲੋਂ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਫੋਨ ਕਰਕੇ ਸਮਝਾਇਆ ਗਿਆ ਸੀ, ਜਦੋਂ ਕਿ ਕਿਸੇ ਨੂੰ ਵੀ ਕੋਈ ਧਮਕਾਇਆ ਨਹੀਂ ਗਿਆ। ਵਿਧਾਇਕ ਨੇ ਕਿਹਾ ਕਿ ਸਿਹਤ ਕਰਮਚਾਰੀ ਭੁਪਿੰਦਰ ਕੁਮਾਰ ਦੀ ਬਦਲੀ ਵੀ ਉਹਨਾਂ ਵੱਲੋਂ ਖੁਦ ਹੀ ਕਰਵਾਈ ਗਈ ਸੀ ਅਤੇ ਉਹ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਵਿਅਕਤੀ ਸਨ।
- PTC NEWS