Retail Inflation : ਮਹਿੰਗਾਈ ਤੋਂ ਰਾਹਤ ! ਫਰਵਰੀ 'ਚ ਘੱਟ ਕੇ 3.61 ਹੋਈ ਪ੍ਰਚੂਨ ਮਹਿੰਗਾਈ, ਖਾਣ-ਪੀਣ ਦੀਆਂ ਚੀਜ਼ਾਂ ਹੋਈਆਂ ਸਸਤੀਆਂ
Retail Inflation Rate in India : ਭਾਰਤ ਦੀ ਪ੍ਰਚੂਨ ਮਹਿੰਗਾਈ ਦਰ (CPI) ਫਰਵਰੀ 2025 ਵਿੱਚ ਘਟ ਕੇ 3.61% ਹੋ ਗਈ। ਇਹ ਅੰਕੜਾ ਪਿਛਲੇ ਛੇ ਮਹੀਨਿਆਂ ਵਿੱਚ ਪਹਿਲੀ ਵਾਰ 4% ਤੋਂ ਹੇਠਾਂ ਆਇਆ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਨੂੰ ਦੱਸਿਆ ਜਾ ਰਿਹਾ ਹੈ। ਜਨਵਰੀ ਵਿੱਚ ਪ੍ਰਚੂਨ ਮਹਿੰਗਾਈ ਦਰ 4.26% ਸੀ। ਫਰਵਰੀ ਲਈ ਇਹ ਅੰਕੜਾ ਅਰਥ ਸ਼ਾਸਤਰੀਆਂ ਦੇ ਅਨੁਮਾਨਾਂ ਤੋਂ ਘੱਟ ਹੈ।
ਖੁਦਰਾ ਮਹਿੰਗਾਈ ਵਿੱਚ ਗਿਰਾਵਟ ਦਾ ਮੁੱਖ ਕਾਰਨ
ਪ੍ਰਚੂਨ ਮਹਿੰਗਾਈ ਦਰ ਵਿੱਚ ਗਿਰਾਵਟ ਦਾ ਮੁੱਖ ਕਾਰਨ ਖੁਰਾਕੀ ਮਹਿੰਗਾਈ ਦਰ ਵਿੱਚ ਗਿਰਾਵਟ ਹੈ। ਖੁਰਾਕੀ ਮਹਿੰਗਾਈ ਦਰ ਫਰਵਰੀ 'ਚ ਘੱਟ ਕੇ 3.75 ਫੀਸਦੀ 'ਤੇ ਆ ਗਈ, ਜਦੋਂ ਕਿ ਜਨਵਰੀ 'ਚ ਇਹ 5.97 ਫੀਸਦੀ ਸੀ। ਸਬਜ਼ੀਆਂ ਦੀਆਂ ਕੀਮਤਾਂ 'ਚ 1.07 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਜਨਵਰੀ 'ਚ ਇਸ 'ਚ 11.35 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਅਨਾਜ ਦੀ ਮਹਿੰਗਾਈ ਦਰ ਫਰਵਰੀ 'ਚ 6.1 ਫੀਸਦੀ ਰਹੀ, ਜੋ ਜਨਵਰੀ 'ਚ 6.24 ਫੀਸਦੀ ਤੋਂ ਮਾਮੂਲੀ ਘੱਟ ਹੈ। ਇਸ ਦੇ ਨਾਲ ਹੀ ਫਰਵਰੀ 'ਚ ਦਾਲਾਂ ਦੀਆਂ ਕੀਮਤਾਂ 'ਚ 0.35 ਫੀਸਦੀ ਦੀ ਕਮੀ ਆਈ ਹੈ, ਜਦਕਿ ਜਨਵਰੀ 'ਚ 2.59 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ।
ਵਿਆਜ਼ ਦਰਾਂ ਵਿੱਚ ਕਟੌਤੀ ਸੰਭਵ
ਮਹਿੰਗਾਈ ਦਰ 'ਚ ਭਾਰੀ ਗਿਰਾਵਟ ਤੋਂ ਬਾਅਦ ਹੁਣ ਬਾਜ਼ਾਰ 'ਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਪ੍ਰੈਲ 'ਚ ਵਿਆਜ ਦਰਾਂ 'ਚ ਕਟੌਤੀ ਕਰ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਘੱਟ ਹੋਣ ਕਾਰਨ ਆਰਬੀਆਈ ਮੁਦਰਾ ਨੀਤੀ ਨੂੰ ਹੋਰ ਨਰਮ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕ ਸਕਦਾ ਹੈ।
ਮਹਿੰਗਾਈ ਦਰ ਵਿੱਚ ਆਈ ਇਹ ਗਿਰਾਵਟ ਆਮ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਹਾਲਾਂਕਿ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਸਥਿਰਤਾ ਬਣਾਈ ਰੱਖਣਾ ਜ਼ਰੂਰੀ ਹੋਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਆਰਬੀਆਈ ਆਉਣ ਵਾਲੇ ਮਹੀਨਿਆਂ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ, ਜਿਸ ਨਾਲ ਕਰਜ਼ਦਾਰਾਂ ਨੂੰ ਰਾਹਤ ਮਿਲੇਗੀ।
- PTC NEWS