ਸੁਨਣ-ਬੋਲਣ ਤੋਂ ਅਸਮਰਥ ਭਾਰਤ ਦੀ ਪਹਿਲੀ ਵਕੀਲ; ਸੰਕੇਤਕ ਭਾਸ਼ਾ ਦੀ ਵਰਤੋਂ ਕਰ ਪੇਸ਼ ਕਰਦੀ ਹੈ ਦਲੀਲਾਂ
ਨਵੀਂ ਦਿੱਲੀ: ਪਿਛਲੇ ਮਹੀਨੇ 22 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਚੀਫ਼ ਜਸਟਿਸ ਦੀ ਡਿਵੀਜ਼ਨ ਬੈਂਚ ਨੇ ਪਹਿਲੀ ਵਾਰ ਇੱਕ ਅਜਿਹੇ ਕੇਸ ਦੀ ਸੁਣਵਾਈ ਪੂਰੀ ਕੀਤੀ, ਜਿਸ ਵਿੱਚ ਇੱਕ ਸੁਣਨ ਤੇ ਬੋਲਣ ਤੋਂ ਅਸਮਰੱਥ ਵਕੀਲ ਵੱਲੋਂ ਸੰਕੇਤਕ ਭਾਸ਼ਾ ਵਿੱਚ ਦਲੀਲ ਦਿੱਤੀ ਗਈ ਸੀ। ਇਸ ਸੁਣਵਾਈ ਵਿੱਚ ਵਕੀਲ ਸਾਰਾ ਸੰਨੀ ਦੀ ਮਦਦ ਦੁਭਾਸ਼ੀਏ ਸੌਰਵ ਰਾਏਚੌਧਰੀ ਨੇ ਕੀਤੀ। ਇਸ ਇਤਿਹਾਸਕ ਸੁਣਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਵਰਚੁਅਲ ਕੋਰਟ ਵਿੱਚ ਆਪਣੇ ਪਹਿਲੇ ਕੇਸ ਦਾ ਬਚਾਅ ਕਰਕੇ ਵਕੀਲ ਸਾਰਾ ਸੰਨੀ ਨੇ ਨਾ ਸਿਰਫ਼ ਇੱਕ ਲੰਮੀ ਲਕੀਰ ਖਿੱਚੀ ਹੈ ਬਲਕਿ ਇੱਕ ਰਿਕਾਰਡ ਵੀ ਕਾਇਮ ਕੀਤਾ ਹੈ, ਜਿਸ ਨਾਲ ਬਹੁਤ ਸਾਰੇ ਲੋਕਾਂ ਲਈ ਇੱਕ ਨਵਾਂ ਰਾਹ ਪੱਧਰਾ ਹੋਇਆ ਹੈ।
ਸ਼ੁਰੂ ਵਿੱਚ ਆਨਲਾਈਨ ਅਦਾਲਤ ਦੇ ਸੰਚਾਲਕ ਨੇ ਦੁਭਾਸ਼ੀਏ ਨੂੰ ਵੀਡੀਓ ਚਾਲੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਪਰ ਬਾਅਦ ਵਿੱਚ ਸੀ.ਜੇ.ਆਈ. ਦੀ ਬੇਨਤੀ 'ਤੇ ਉਨ੍ਹਾਂ ਨੂੰ ਵੀ ਵਰਚੁਅਲ ਕੋਰਟ ਵਿੱਚ ਵਿੰਡੋ ਵਿੱਚ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਗਈ। ਸਾਰਾ ਸੰਨੀ ਲਈ ਇਹ ਸਾਰੇ ਪ੍ਰਬੰਧ ਐਡਵੋਕੇਟ ਆਨ ਰਿਕਾਰਡ ਸੰਚਿਤਾ ਐਨ ਨੇ ਕੀਤੇ ਸਨ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਇਸ ਪਹਿਲ ਨੂੰ ਦਿਵਯਾਂਗਾਂ ਨੂੰ ਮੌਕੇ ਦੇਣ ਲਈ ਮੀਲ ਪੱਥਰ ਮੰਨਿਆ ਜਾ ਰਿਹਾ ਹੈ।
ਕੌਣ ਹੈ ਸਾਰਾ ਸੰਨੀ?
ਸਾਰਾ ਬਚਪਨ ਤੋਂ ਸੁਣ ਜਾਂ ਬੋਲ ਨਹੀਂ ਸਕਦੀ ਸੀ ਪਰ ਉਸ ਦੇ ਮਾਤਾ-ਪਿਤਾ ਨੇ ਉਸ ਦਾ ਸਾਥ ਦਿੱਤਾ ਅਤੇ ਅੱਜ ਉਹ ਇਸ ਮੁਕਾਮ 'ਤੇ ਖੜ੍ਹੀ ਹੈ। ਸਾਰਾ ਨੇ ਸੇਂਟ ਸਟੀਫਨ ਕਾਲਜ ਆਫ ਲਾਅ, ਬੈਂਗਲੁਰੂ ਤੋਂ ਐਲ.ਐਲ.ਬੀ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਹੁਣ ਉਹ ਆਪਣੀ ਸੀਨੀਅਰ ਸੰਚਿਤਾ ਦੀ ਨਿਗਰਾਨੀ ਹੇਠ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕਰ ਰਹੀ ਹੈ।
ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਕਾਨੂੰਨ ਪਾਸ ਕਰਨ ਤੋਂ ਬਾਅਦ ਸਾਰਾ ਨੇ ਕਰਨਾਟਕ ਦੀ ਇੱਕ ਜ਼ਿਲ੍ਹਾ ਅਦਾਲਤ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫਿਰ ਜੱਜਾਂ ਨੇ ਉਸ ਨੂੰ ਦੁਭਾਸ਼ੀਏ ਮੁਹੱਈਆ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਕਿਹਾ ਕਿ ਦੁਭਾਸ਼ੀਏ ਕਾਨੂੰਨ ਨੂੰ ਨਹੀਂ ਸਮਝਦਾ, ਇਸ ਲਈ ਅਜਿਹਾ ਨਹੀਂ ਕੀਤਾ ਜਾ ਸਕਦਾ। ਉਸ ਸਮੇਂ ਸੰਨੀ ਅਦਾਲਤ ਵਿੱਚ ਲਿਖ ਕੇ ਬਹਿਸ ਕਰਦੀ ਸੀ।
ਇੰਡੀਆ ਟੂਡੇ ਨਾਲ ਗਲਬਾਤ ਦੌਰਾਨ ਸਾਰਾ ਨੇ ਕਿਹਾ, "ਇਹ ਮੇਰੇ ਲਈ ਇੱਕ ਸੁਪਨਾ ਸਾਕਾਰ ਹੋਣ ਦਾ ਤਜਰਬਾ ਸੀ। ਮੇਰੇ ਦੇਸ਼ ਦੀ ਨਿਆਂਪਾਲਿਕਾ ਦੀ ਸਰਵਉੱਚ ਅਦਾਲਤ ਵਿੱਚ ਇੱਕ ਕੇਸ ਲਈ ਪੇਸ਼ ਹੋਣ ਦੀ ਬਹੁਤ ਇੱਛਾ ਸੀ, ਜਿਸਦੀ ਮੈਨੂੰ ਇੰਨੀ ਜਲਦੀ ਉਮੀਦ ਨਹੀਂ ਸੀ ਅਤੇ ਜੋ ਕਿ ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਦੀ ਮੌਜੂਦਗੀ ਵਿੱਚ ਵੀ ਪੂਰਾ ਹੋਇਆ ਹੈ। ਇਸ ਨਾਲ ਮੈਨੂੰ ਹੋਰ ਆਤਮ-ਵਿਸ਼ਵਾਸ ਅਤੇ ਹਿੰਮਤ ਮਿਲਦੀ ਹੈ। ਮੈਂ ਉਨ੍ਹਾਂ ਲੋਕਾਂ ਲਈ ਰੋਲ ਮਾਡਲ ਬਣਨਾ ਚਾਹੁੰਦੀ ਹਾਂ ਜੋ ਵਿਸ਼ੇਸ਼ ਤੌਰ 'ਤੇ ਯੋਗ ਹਨ।"
ਸਾਰਾ ਨੇ ਸੰਕੇਤਕ ਭਾਸ਼ਾ ਦੀ ਵਰਤੋਂ ਕਰਦਿਆਂ ਅੱਗੇ ਕਿਹਾ ਕਿ ਉਹ ਸੰਵਿਧਾਨਕ ਕਾਨੂੰਨ, ਅਪਾਹਜਤਾ ਕਾਨੂੰਨ ਅਤੇ ਮਨੁੱਖੀ ਅਧਿਕਾਰ ਕਾਨੂੰਨ ਦੀ ਬਿਹਤਰ ਸਮਝ ਪ੍ਰਾਪਤ ਕਰਨ ਲਈ ਉਤਸੁਕ ਸੀ ਤਾਂ ਜੋ ਉਹ ਵਧੇਰੇ ਲੋਕਾਂ ਨੂੰ ਕਾਨੂੰਨੀ ਖੇਤਰ ਵਿੱਚ ਦਾਖਲ ਹੋਣ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਗਤਾਵਾਂ ਵਾਲੇ ਲੋਕਾਂ ਦੀ ਮਦਦ ਕਰ ਸਕੇ।
ਇਹ ਵੀ ਪੜ੍ਹੋ: ਨਵਾਂਸ਼ਹਿਰ ਦੇ ਪਿੰਡ ਕੁਲਥਮ ’ਚ ਭੈਣ ਭਰਾ ਨੂੰ ਸੱਪ ਨੇ ਡੰਗਿਆ; ਹੋਈ ਮੌਤ, ਸਦਮੇ ’ਚ ਪਰਿਵਾਰ
- With inputs from agencies