ਭਾਰਤ ਨੇ ਚਾਰ ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ, ਅਟਾਰੀ-ਵਾਹਗਾ ਸਰਹੱਦ ਰਾਹੀਂ ਖੁਸ਼ੀ-ਖੁਸ਼ੀ ਵਤਨ ਪਹੁੰਚੇ
India releases Pakistani prisoners : ਭਾਰਤ ਸਰਕਾਰ (Indian Government) ਵੱਲੋਂ ਅੱਜ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਚਾਰ ਪਾਕਿਸਤਾਨੀ ਸਿਵਲ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਹ ਸਾਰੇ ਕੈਦੀ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਅੰਮ੍ਰਿਤਸਰ (Amritsar) ਦੇ ਅਟਾਰੀ-ਵਾਘਾ ਸਰਹੱਦ ਰਾਹੀਂ ਆਪਣੇ ਦੇਸ਼ ਪਾਕਿਸਤਾਨ ਵੱਲ ਰਵਾਨਾ ਹੋਏ। ਰਿਹਾਅ ਕੀਤੇ ਗਏ ਵਿਅਕਤੀਆਂ ਵਿੱਚ ਮੁਹੰਮਦ ਇਰਫਾਨ (ਉਮਰ ਕਰੀਬ 40 ਸਾਲ, ਸਾਈਵਾਲ), ਮੁਹੰਮਦ ਰਜਾ (ਉਮਰ 44 ਸਾਲ, ਸਿਆਲਕੋਟ), ਮੁਹੰਮਦ ਹਮਜ਼ਾ ਅਤੇ ਹੁਸੈਨ ਸ਼ਾਮਲ ਹਨ। ਇਨ੍ਹਾਂ ਵਿਚੋਂ ਇਕ ਦਸ ਸਾਲ਼ ਤੇ ਬਾਕੀ ਕੋਇ ਛੇ ਮਹੀਨੇ ਤੇ ਕੋਈ ਇੱਕ ਸਾਲ ਦੀ ਸਜਾ ਪੁਰੀ ਕਰਕੇ ਜਾ ਰਿਹਾ ਹੈ
ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਨੁਸਾਰ ਇਹਨਾਂ ਕੈਦੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਹੁਕਮ ਇਮੀਗ੍ਰੇਸ਼ਨ ਅਧਿਕਾਰੀਆਂ ਤੱਕ ਪਹੁੰਚਣ ਤੋਂ ਬਾਅਦ ਸਾਰੀ ਕਾਰਵਾਈ ਪੂਰੀ ਕੀਤੀ ਗਈ। ਪੁਲਿਸ ਦੀ ਸੁਰੱਖਿਆ ਹੇਠ ਇਹਨਾਂ ਨੂੰ ਅਟਾਰੀ ਬਾਰਡਰ ਤੱਕ ਲਿਆਂਦਾ ਗਿਆ, ਜਿੱਥੇ ਲੋੜੀਂਦੀ ਦਸਤਾਵੇਜ਼ੀ ਕਾਰਵਾਈ ਅਤੇ ਕਸਟਮ ਜਾਂਚ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।
ਪਾਕਿ ਕੈਦੀਆਂ ਨੇ ਜ਼ਾਹਰ ਕੀਤੀ ਖੁਸ਼ੀ
ਰਿਹਾਅ ਹੋਏ ਕੈਦੀਆਂ ਵਿੱਚੋਂ ਮੁਹੰਮਦ ਹਮਜ਼ਾ ਨੇ ਦੱਸਿਆ ਕਿ ਉਹ ਗਲਤੀ ਨਾਲ ਨਸ਼ੇ ਦੀ ਹਾਲਤ ਵਿੱਚ ਬਾਰਡਰ ਪਾਰ ਕਰ ਗਿਆ ਸੀ, ਜਿਸ ਕਾਰਨ ਉਸ ਨੂੰ ਭਾਰਤ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਸਨੇ ਲਗਭਗ ਇੱਕ ਸਾਲ ਇੱਕ ਮਹੀਨਾ ਜੇਲ੍ਹ ਵਿੱਚ ਬਿਤਾਇਆ। ਉਸਨੇ ਕਿਹਾ ਕਿ ਉਸਦੇ ਪਰਿਵਾਰ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਭਾਰਤ ਵਿੱਚ ਕੈਦ ਹੈ। ਆਪਣੇ ਵਤਨ ਵਾਪਸ ਜਾਣ ਦੀ ਖੁਸ਼ੀ ਜ਼ਾਹਰ ਕਰਦੇ ਹੋਏ ਉਸਨੇ ਕਿਹਾ ਕਿ ਹੁਣ ਉਹ ਆਪਣੇ ਪਰਿਵਾਰ ਨਾਲ ਮਿਲੇਗਾ।
ਕੈਦੀਆਂ ਨੂੰ ਨਸ਼ੇ ਦੀ ਲਤ ਤੋਂ ਦੂਰ ਰਹਿਣ ਦੀ ਕੀਤੀ ਅਪੀਲ
ਇਸ ਮੌਕੇ ਰਿਹਾਅ ਕੈਦੀਆਂ ਨੇ ਨਸ਼ੇ ਨੂੰ ਬਹੁਤ ਖਤਰਨਾਕ ਲਤ ਦੱਸਦੇ ਹੋਏ ਨੌਜਵਾਨਾਂ ਨੂੰ ਇਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਨਸ਼ੇ ਕਾਰਨ ਨਾ ਸਿਰਫ਼ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ, ਸਗੋਂ ਉਹ ਗਲਤੀ ਨਾਲ ਸਰਹੱਦ ਪਾਰ ਕਰ ਗਏ ਜਿਸਦਾ ਨਤੀਜਾ ਸਜ਼ਾ ਵਜੋਂ ਭੁਗਤਣਾ ਪਿਆ।
ਪ੍ਰਸ਼ਾਸਨਕ ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਇਹ ਰਿਹਾਈ ਕੀਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਨੂੰ ਮਨੁੱਖਤਾ ਦੇ ਨਜ਼ਰੀਏ ਨਾਲ ਇੱਕ ਸਕਾਰਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
- PTC NEWS