India Pakistan Tension : ਫਿਰੋਜ਼ਪੁਰ ਖੇਤਰ 'ਚ 4 ਮਈ ਨੂੰ ਬਲੈਕਆਊਟ ਰਿਹਰਸਲ, ਸੁਰੱਖਿਆ ਤਿਆਰੀਆਂ ਦੀ ਕੀਤੀ ਜਾਵੇਗੀ ਜਾਂਚ
Blackout rehearsal in Ferozepur - ਦੇਸ਼ ਦੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਐਤਵਾਰ, 4 ਮਈ 2025 ਨੂੰ ਰਾਤ 9:00 ਵਜੇ ਤੋਂ 9:30 ਵਜੇ ਤੱਕ ਫਿਰੋਜ਼ਪੁਰ ਛਾਉਣੀ ਖੇਤਰ ਵਿੱਚ ਬਲੈਕਆਊਟ ਰਿਹਰਸਲ ਕੀਤੀ ਜਾਵੇਗੀ। ਇਸ ਰਿਹਰਸਲ ਦਾ ਉਦੇਸ਼ ਸੁਰੱਖਿਆ ਬਲਾਂ ਦੀ ਤਿਆਰੀ ਅਤੇ ਸੰਭਾਵਿਤ ਯੁੱਧ ਜਾਂ ਐਮਰਜੈਂਸੀ ਸਥਿਤੀ ਵਿੱਚ ਬਲੈਕਆਊਟ ਪ੍ਰਕਿਰਿਆਵਾਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨਾ ਹੈ।
ਪ੍ਰਧਾਨ ਛਾਉਣੀ ਬੋਰਡ ਫਿਰੋਜ਼ਪੁਰ ਅਤੇ ਸਟੇਸ਼ਨ ਕਮਾਂਡਰ ਦੇ ਨਿਰਦੇਸ਼ਾਂ ਅਨੁਸਾਰ, ਇਹ ਅਭਿਆਸ ਪੂਰੀ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ। ਇਸ ਤਹਿਤ ਪੂਰੇ ਛਾਉਣੀ ਖੇਤਰ ਵਿੱਚ 30 ਮਿੰਟਾਂ ਲਈ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ।
ਮੁੱਖ ਕਾਰਜਕਾਰੀ ਅਧਿਕਾਰੀ ਜੋਨਸ ਡਿਵੈਲਪਮੈਂਟ (IDES) ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਇਸ ਸਮੇਂ ਦੌਰਾਨ ਢੁਕਵੇਂ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PCPCL) ਨੂੰ ਨਿਰਧਾਰਤ ਸਮੇਂ 'ਤੇ ਬਿਜਲੀ ਸਪਲਾਈ ਬੰਦ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ।
ਇਸ ਰਿਹਰਸਲ ਵਿੱਚ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀ ਨੇ ਸਾਰੇ ਵਿਭਾਗਾਂ ਨੂੰ ਤਾਲਮੇਲ ਅਤੇ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਅਭਿਆਸ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇ।
ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ
ਫਿਰੋਜ਼ਪੁਰ ਵਰਗੇ ਸੰਵੇਦਨਸ਼ੀਲ ਖੇਤਰ ਵਿੱਚ, ਜੋ ਕਿ ਦੇਸ਼ ਦੀ ਸਰਹੱਦ 'ਤੇ ਸਥਿਤ ਹੈ, ਅਜਿਹੇ ਅਭਿਆਸ ਇਹ ਯਕੀਨੀ ਬਣਾਉਂਦੇ ਹਨ ਕਿ ਸਿਵਲ ਅਤੇ ਫੌਜੀ ਮਸ਼ੀਨਰੀ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤਿਆਰ ਰਹੇ। ਬਲੈਕਆਊਟ ਅਭਿਆਸ ਇਹ ਪਰਖੇਗਾ ਕਿ ਹਨੇਰੇ ਵਿੱਚ ਵੀ ਸੁਰੱਖਿਆ ਨੂੰ ਕਿਵੇਂ ਸਰਗਰਮ ਰੱਖਿਆ ਜਾ ਸਕਦਾ ਹੈ ਅਤੇ ਸੰਭਾਵੀ ਹਮਲਿਆਂ ਨਾਲ ਨਜਿੱਠਣ ਲਈ ਰਣਨੀਤੀਆਂ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਨਾਗਰਿਕਾਂ ਨੂੰ ਅਪੀਲ
ਸਥਾਨਕ ਪ੍ਰਸ਼ਾਸਨ ਨੇ ਇਲਾਕਾ ਨਿਵਾਸੀਆਂ ਨੂੰ ਇਸ ਸਮੇਂ ਦੌਰਾਨ ਸਬਰ ਅਤੇ ਚੌਕਸੀ ਬਣਾਈ ਰੱਖਣ ਅਤੇ ਬਿਨਾਂ ਕਿਸੇ ਘਬਰਾਹਟ ਦੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਹ ਰਿਹਰਸਲ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਇੱਕ ਜ਼ਰੂਰੀ ਕਦਮ ਹੈ।
- PTC NEWS