Congress Leader Murder : ਸੀਨੀਅਰ ਕਾਂਗਰਸੀ ਨੇਤਾ ਦਾ ਮਸਜਿਦ ’ਚ ਕਤਲ, ਹਮਲਾਵਰ ਨੇ ਚਾਕੂ ਨਾਲ ਕੀਤਾ ਸੀ ਹਮਲਾ
ਮਹਾਰਾਸ਼ਟਰ ਕਾਂਗਰਸ ਦੇ ਉਪ ਪ੍ਰਧਾਨ ਹਿਦਾਇਤੁੱਲਾ ਪਟੇਲ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅਕੋਲਾ ਜ਼ਿਲ੍ਹੇ ਦੀ ਇੱਕ ਮਸਜਿਦ ਵਿੱਚ ਚਾਕੂ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਹਮਲੇ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਹਮਲਾਵਰ ਨੇ ਮੰਗਲਵਾਰ ਦੁਪਹਿਰ 1:30 ਵਜੇ ਪੁਰਾਣੀ ਰੰਜਿਸ਼ ਕਾਰਨ 66 ਸਾਲਾ ਹਿਦਾਇਤੁੱਲਾ 'ਤੇ ਹਮਲਾ ਕੀਤਾ। ਉਹ ਅਕੋਲਾ ਜ਼ਿਲ੍ਹੇ ਦੇ ਅਕੋਟ ਤਾਲੁਕਾ ਦੇ ਪਿੰਡ ਮੋਹਲਾ ਵਿੱਚ ਸਥਿਤ ਮਸਜਿਦ ਵਿੱਚ ਨਮਾਜ਼ ਅਦਾ ਕਰਨ ਗਏ ਸਨ। ਜਦੋਂ ਉਹ ਨਮਾਜ਼ ਅਦਾ ਕਰਕੇ ਬਾਹਰ ਆਉਣ ਹੀ ਵਾਲੇ ਸਨ ਤਾਂ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਅੰਤ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਹਿਦਾਇਤੁੱਲਾ ਨੇ ਕਾਂਗਰਸ ਦੀ ਟਿਕਟ 'ਤੇ ਅਕੋਲਾ ਲੋਕ ਸਭਾ ਹਲਕੇ ਤੋਂ 2019 ਦੀਆਂ ਆਮ ਚੋਣਾਂ ਵੀ ਲੜੀਆਂ ਸਨ।
ਪੁਲਿਸ ਦਾ ਕਹਿਣਾ ਹੈ ਕਿ ਹਿਦਾਇਤੁੱਲਾ ਦੀ ਛਾਤੀ ਅਤੇ ਗਰਦਨ 'ਤੇ ਚਾਕੂ ਦੇ ਕਈ ਜ਼ਖ਼ਮ ਸਨ। ਉਨ੍ਹਾਂ ਦਾ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ, ਅਤੇ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਹਮਲੇ ਤੋਂ ਤੁਰੰਤ ਬਾਅਦ ਉਸਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਰੱਖਿਆ ਗਿਆ, ਜਿੱਥੇ ਬੁੱਧਵਾਰ ਸਵੇਰੇ ਉਸਦੀ ਮੌਤ ਹੋ ਗਈ।
ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਵੀਡੀਓਜ਼ ਵਿੱਚ ਖੂਨ ਨਾਲ ਲੱਥਪੱਥ ਹਿਦਾਇਤੁੱਲਾ ਪਟੇਲ ਨੂੰ ਮਸਜਿਦ ਤੋਂ ਬਾਹਰ ਲਿਜਾਇਆ ਜਾ ਰਿਹਾ ਦਿਖਾਇਆ ਗਿਆ ਹੈ। ਹਿਦਾਇਤੁੱਲਾ ਮੰਗਲਵਾਰ ਦੁਪਹਿਰ ਨੂੰ ਮੁਹਾਲਾ ਪਿੰਡ ਦੀ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕਰਨ ਲਈ ਪਹੁੰਚਿਆ ਸੀ।
ਕਾਬਿਲੇਗੌਰ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਫੋਰੈਂਸਿਕ ਜਾਂਚ ਲਈ ਸਬੂਤ ਇਕੱਠੇ ਕੀਤੇ। ਹਮਲਾਵਰ ਦੀ ਪਛਾਣ 22 ਸਾਲਾ ਉਬੇਦ ਖਾਨ ਕਾਲੂ ਖਾਨ ਵਜੋਂ ਹੋਈ ਹੈ। ਉਸਨੂੰ ਮੰਗਲਵਾਰ ਰਾਤ 8 ਵਜੇ ਦੇ ਕਰੀਬ ਗ੍ਰਿਫ਼ਤਾਰ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਅਕੋਟ ਕਸਬੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਹਿਦਾਇਤੁੱਲਾ ਦੀ ਕਥਿਤ ਤੌਰ 'ਤੇ ਦੋਸ਼ੀ ਦੇ ਪਰਿਵਾਰ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਇਹ ਹਮਲਾ ਹੋਇਆ।
ਇਹ ਵੀ ਪੜ੍ਹੋ : Tarn Taran ਪੁਲਿਸ ਨੇ ਐਨਕਾਉਂਟਰ ਦੌਰਾਨ ਫਾਰਚੂਨਰ ਗੱਡੀ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
- PTC NEWS