ਮਨਮੋਹਨ ਸਿੰਘ ਦਾਊਂ ਦਾ ਕਾਵਿ-ਸੰਗ੍ਰਹਿ 'ਧਰਤੀ ਦੀ ਕੰਬਣੀ' ਲੋਕ-ਅਰਪਣ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਵਿਖੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਦੀ ਤੇਰ੍ਹਵੀਂ ਕਾਵਿ-ਕਿਤਾਬ ਦਾ ਰਿਲੀਜ਼ ਅਤੇ ਸੰਵਾਦ ਸਮਾਗਮ ਕਰਵਾਇਆ ਗਿਆ। ਮਨਮੋਹਨ ਸਿੰਘ ਦਾਊਂ ਹੁਣ ਤੱਕ ਅੱਸੀ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ ਜਿਨ੍ਹਾਂ ਵਿੱਚ ਕਵਿਤਾ, ਬਾਲ ਸਾਹਿਤ, ਪੁਆਧ ਤੇ ਖੋਜ ਕਾਰਜ ਅਤੇ ਸੰਪਾਦਨਾ ਦੀਆਂ ਕਿਤਾਬਾਂ ਸ਼ਾਮਲ ਹਨ।
ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਲੇਖਕ ਦੀ ਕਾਵਿ-ਭਾਸ਼ਾ ਅਤੇ ਸਿਰਜਣਾ ਨੂੰ ਬਾਕਮਾਲ ਦੱਸਿਆ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਨਮੋਹਨ ਸਿੰਘ ਦਾਊਂ ਦੀ ਕਵਿਤਾ ਡੂੰਘੇ ਚਿੰਤਨ ਅਤੇ ਮੌਲਿਕਤਾ ਨਾਲ ਭਰੀ ਹੋਈ ਹੈ।
ਪੁਸਤਕ ਦੇ ਲੋਕ-ਅਰਪਣ ਸਮੇਂ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ, ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਡਾ. ਮਨਮੋਹਨ, 'ਧਰਤੀ ਦੀ ਕੰਬਣੀ' ਦੇ ਲੇਖਕ ਮਨਮੋਹਨ ਸਿੰਘ ਦਾਊਂ, ਵਿਸ਼ੇਸ਼ ਮਹਿਮਾਨ ਡਾ. ਯੋਗ ਰਾਜ ਅਤੇ ਪ੍ਰੋ. ਨਵਸੰਗੀਤ ਸਿੰਘ, ਪਰਚਾ ਪੇਸ਼ਕਾਰ ਪ੍ਰੋ. ਪ੍ਰਵੀਨ ਕੁਮਾਰ, ਦਲਜੀਤ ਕੌਰ ਦਾਊਂ ਤੇ ਪਬਲਿਸ਼ਰ ਤਰਲੋਚਨ ਸਿੰਘ ਮੋਜੂਦ ਸਨ।
ਮਨਮੋਹਨ ਸਿੰਘ ਦਾਊਂ ਨੇ ਆਖਿਆ ਕਿ ਚਿੰਤਨ ਤੇ ਸੰਵੇਦਨਾ ਜਦੋਂ ਅੰਗ ਸੰਗ ਤੁਰਦੀ ਹੈ ਤਾਂ ਕਵਿਤਾ ਦੀ ਆਮਦ ਹੁੰਦੀ ਹੈ। ਪ੍ਰੋ. ਪ੍ਰਵੀਨ ਕੁਮਾਰ ਨੇ ਕਿਹਾ ਕਿ ਕਵੀ ਇੱਕ ਵਿਗਿਆਨਕ ਨਾਲੋਂ ਵੀ ਅੱਗੇ ਹੁੰਦਾ ਹੈ ਕਿਉਂਕਿ ਉਸ ਦੀ ਸੰਵੇਦਨਾ ਸਮੇਂ ਤੋਂ ਪਾਰ ਹੈ। ਪ੍ਰੋ. ਨਵਸੰਗੀਤ ਸਿੰਘ ਨੇ ਕਿਹਾ ਕਿ ਕਵੀ ਦੇ ਹਿਰਦੇ ਵਿੱਚ ਚਿੰਤਾ ਤੇ ਚਿੰਤਨ ਦੋਵੇਂ ਵਾਸ ਕਰਦੇ ਹਨ।
ਡਾ. ਕਰਨੈਲ ਸਿੰਘ ਸੋਮਲ, ਡਾ. ਲਕਸ਼ਮੀ ਨਰਾਇਣ ਭੀਖੀ, ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਸਤਿੰਦਰ ਸਿੰਘ ਨੰਦਾ ਅਤੇ ਨਿਰੰਜਣ ਸਿੰਘ ਸੈਲਾਨੀ ਨੇ ਆਪਣੇ ਸੁਨੇਹਿਆਂ ਜ਼ਰੀਏ ਕਿਤਾਬ ਦੀ ਵਿਲੱਖਣਤਾ ਦੀ ਤਾਈਦ ਕੀਤੀ। ਜਸਪਾਲ ਸਿੰਘ ਕੰਵਲ ਅਤੇ ਕਰਮਜੀਤ ਸਕਰੁੱਲਾਪੁਰੀ ਨੇ ਕਿਤਾਬ ਵਿਚੋਂ ਕਵਿਤਾਵਾਂ ਨੂੰ ਗਾਇਆ। ਹਰਬੰਸ ਸੋਢੀ ਨੇ ਕਿਹਾ ਕਿ ਸ਼ਬਦਾਂ ਦੇ ਅਰਥ ਸਮਝਣ ਦੀ ਸੋਝੀ ਹੀ ਸਭ ਤੋਂ ਵੱਡੀ ਸਿਆਣਪ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਸ਼ਬਦ ਸ਼ਕਤੀ ਹਨ। ਡਾ. ਰਜਿੰਦਰ ਸਿੰਘ ਕੁਰਾਲੀ ਨੇ ਕਵਿਤਾਵਾਂ ਨੂੰ ਸਮਾਜ ਦੀ ਨਵ-ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਦੇ ਸਮਰੱਥ ਦੱਸਿਆ। ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਇਹਨਾਂ ਕਵਿਤਾਵਾਂ ਦੇ ਕਣ ਕਣ ਵਿਚ ਜ਼ਿੰਦਗੀ ਦਾ ਫ਼ਲਸਫ਼ਾ ਰਚਿਆ ਮਿਚਿਆ ਹੋਇਆ ਹੈ। ਡਾ. ਯੋਗ ਰਾਜ ਨੇ ਲੇਖਕ ਨੂੰ ਵਧਾਈ ਦੇਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਪ੍ਰਾਕ੍ਰਿਤਕ ਲੈਅ ਹੈ।
ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ 'ਧਰਤੀ ਦੀ ਕੰਬਣੀ' ਵਿਚ ਪੁਆਧੀ ਖਿੱਤੇ ਦੀ ਸਭਿਆਚਾਰਕ ਅਮੀਰੀ, ਭਾਸ਼ਾਈ ਸਮਰੱਥਾ ਅਤੇ ਮਿੱਟੀ ਦੀ ਖੁਸ਼ਹਾਲੀ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਮਨਮੋਹਨ ਦਾ ਕਹਿਣਾ ਸੀ ਕਿ ਨਿੱਕੇ ਨਿੱਕੇ ਛਿਣ ਪਕੜ ਕੇ ਕਵਿਤਾ ਲਿਖਣੀ ਹੀ ਸਮਰੱਥ ਕਲਾ ਦਾ ਰੂਪ ਹੈ। ਚਿੰਤਾਜਨਕ ਸਮਾਜਿਕ ਵਰਤਾਰੇ ਦਾ ਕਾਵਿ ਰੂਪ ਅਜਿਹੇ ਕਾਵਿ-ਸੰਗ੍ਰਹਿ ਹੀ ਮੰਨੇ ਜਾਂਦੇ ਹਨ।ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
- PTC NEWS