Canada 'ਚ ਮੋਹਾਲੀ ਦੇ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ, ਪੈਦਲ ਜਾ ਰਹੇ ਨੂੰ ਨੌਜਵਾਨ ਨੂੰ ਕਾਰ ਨੇ ਮਾਰੀ ਟੱਕਰ
Mohali News : ਮੋਹਾਲੀ ਜ਼ਿਲ੍ਹੇ ਦੇ ਲਾਲੜੂ ਮੰਡੀ ਦੇ ਰਹਿਣ ਵਾਲੇ 22 ਸਾਲਾ ਵਿਦਿਆਰਥੀ ਅਰਮਾਨ ਚੌਹਾਨ ਦੀ ਕੈਨੇਡਾ ਦੇ ਓਨਟਾਰੀਓ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਘਟਨਾ 5 ਜਨਵਰੀ ਨੂੰ ਕ੍ਰੇਮੇਹ ਟਾਊਨਸ਼ਿਪ ਨੇੜੇ ਓਨਟਾਰੀਓ ਹਾਈਵੇਅ 401 'ਤੇ ਵਾਪਰੀ। ਪੁਲਿਸ ਦੇ ਅਨੁਸਾਰ ਅਰਮਾਨ ਆਪਣੇ ਇੱਕ ਦੋਸਤ ਨਾਲ ਮਾਂਟਰੀਅਲ ਤੋਂ ਟੋਰਾਂਟੋ ਜਾ ਰਿਹਾ ਸੀ। ਹਾਲਾਂਕਿ ਇਹ ਦੱਸਿਆ ਗਿਆ ਹੈ ਕਿ ਹਾਦਸੇ ਦੇ ਸਮੇਂ ਅਰਮਾਨ ਪੈਦਲ ਜਾ ਰਿਹਾ ਸੀ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਸੂਚਨਾ ਮਿਲੀ ਕਿ ਹਾਈਵੇਅ ਦੇ ਪੱਛਮੀ ਪਾਸੇ ਵਾਲੀ ਲੇਨ ਵਿੱਚ ਇੱਕ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਹੈ। ਮੌਕੇ 'ਤੇ ਪਹੁੰਚਣ 'ਤੇ ਪੁਲਿਸ ਨੂੰ ਮੀਡੀਅਨ ਦੇ ਨੇੜੇ ਖੜ੍ਹੀ ਇੱਕ ਕਾਰ ਮਿਲੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਅਰਮਾਨ ਦੀ ਮੌਤ ਕਾਰ ਨਾਲ ਟੱਕਰ ਵਿੱਚ ਹੋਈ ਹੈ ਜਾਂ ਕਿਸੇ ਹੋਰ ਵਾਹਨ ਨਾਲ। ਪੁਲਿਸ ਨੇੜਲੇ ਸਥਾਨਾਂ ਤੋਂ ਸੀਸੀਟੀਵੀ ਕੈਮਰਿਆਂ ਅਤੇ ਡੈਸ਼ਕੈਮ ਫੁਟੇਜ ਦੀ ਵਰਤੋਂ ਕਰਕੇ ਘਟਨਾ ਦੀ ਜਾਂਚ ਕਰ ਰਹੀ ਹੈ।
ਐਮਰਜੈਂਸੀ ਸੇਵਾਵਾਂ ਨੇ ਹਾਦਸੇ ਤੋਂ ਬਾਅਦ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਅਰਮਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਘਟਨਾ ਦੀ ਖ਼ਬਰ ਸੁਣ ਕੇ ਲਾਲੜੂ ਮੰਡੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਅਰਮਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੜ੍ਹਾਈ ਲਈ ਕੈਨੇਡਾ ਗਿਆ ਸੀ। ਪਰਿਵਾਰ ਨੇ ਹਾਦਸੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ।
- PTC NEWS