Sat, Apr 25, 2026
Whatsapp

NRI ਪੰਜਾਬੀਆਂ ਵੱਲੋਂ 2027 ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਨ ਸਮਰਥਨ ਦਾ ਐਲਾਨ

NRI Punjabi Support SAD : ਇਹ ਸਮਰਥਨ ਉਸ ਵੇਲੇ ਆਇਆ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਿਛਲੇ ਇੱਕ ਹਫ਼ਤੇ ਤੋਂ ਨਿਊਜ਼ੀਲੈਂਡ ਵਿੱਚ ਦੌਰੇ ’ਤੇ ਹਨ।

Reported by:  PTC News Desk  Edited by:  KRISHAN KUMAR SHARMA -- April 25th 2026 06:01 PM -- Updated: April 25th 2026 06:04 PM
NRI ਪੰਜਾਬੀਆਂ ਵੱਲੋਂ 2027 ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਨ ਸਮਰਥਨ ਦਾ ਐਲਾਨ

NRI ਪੰਜਾਬੀਆਂ ਵੱਲੋਂ 2027 ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਨ ਸਮਰਥਨ ਦਾ ਐਲਾਨ

ਆਕਲੈਂਡ/ਨਿਊਜ਼ੀਲੈਂਡ/ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਅੰਤਰਰਾਸ਼ਟਰੀ ਪਹੁੰਚ ਮੁਹਿੰਮ ‘’ਗੱਲ ਪੰਜਾਬ ਦੀ ‘’ਨੂੰ ਵੱਡਾ ਬਲ ਮਿਲਿਆ, ਜਦੋਂ ਹਜ਼ਾਰਾਂ ਪੰਜਾਬੀ NRI ਵੀਰਾਂ, ਜਿਨ੍ਹਾਂ ਵਿੱਚ ਸਿੱਖ ਕਮੇਟੀਆਂ, ਕਬੱਡੀ ਫੈਡਰੇਸ਼ਨਾਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਸ਼ਾਮਲ ਸਨ, ਸ਼ੁੱਕਰਵਾਰ ਸ਼ਾਮ ਆਕਲੈਂਡ ਵਿੱਚ ਇਕੱਠੇ ਹੋ ਕੇ ਪਾਰਟੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। (NRI Punjabi Support SAD)

ਇਹ ਸਮਰਥਨ ਉਸ ਵੇਲੇ ਆਇਆ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ (Tejinder Singh Middukhera) ਅਤੇ ਯੂਥ ਅਕਾਲੀ ਦਲ (Youth Akali Dal) ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ (Sarabjeet Singh jhinjer) ਪਿਛਲੇ ਇੱਕ ਹਫ਼ਤੇ ਤੋਂ ਨਿਊਜ਼ੀਲੈਂਡ ਵਿੱਚ ਦੌਰੇ ’ਤੇ ਹਨ ਅਤੇ ਉਨ੍ਹਾਂ ਨੇ ਆਕਲੈਂਡ ਵਿੱਚ ਪੰਜਾਬੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ।


ਮਿੱਡੂਖੇੜਾ ਅਤੇ ਝਿੰਜਰ ਦੀ ਅਗਵਾਈ ਵਿੱਚ ਦੋ ਮੈਂਬਰੀ ਵਫ਼ਦ ਨਾਲ ਨਿਊਜ਼ੀਲੈਂਡ ਦਾ ਦੌਰਾ ਕਰ ਰਹੇ ਹਨ, ਜੋ 2027 ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪੰਜਾਬੀ ਸੰਸਥਾਵਾਂ, ਸਥਾਨਕ ਆਗੂਆਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਮੁਲਾਕਾਤ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਸਾਂਝਾ ਕੀਤਾ ਅਤੇ ਆਉਣ ਵਾਲੀਆਂ ਚੋਣਾਂ ਸੰਬੰਧੀ ਚਰਚਾ ਕੀਤੀ ।

ਪਾਰਟੀ ਆਗੂਆਂ ਦੇ ਅਨੁਸਾਰ, NRI ਭਾਈਚਾਰੇ ਵੱਲੋਂ ਬਹੁਤ ਹੀ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ ਅਤੇ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀਆਂ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਲਈ ਜ਼ੋਰਦਾਰ ਉਤਸ਼ਾਹ ਦਰਸਾਇਆ ਹੈ।

‘ਆਪ ਨੇ ਧੋਖਾ ਦਿੱਤਾ’: NRI ਗਰੁੱਪ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ

ਸ਼ੁੱਕਰਵਾਰ ਦੀ ਵੱਡੇ ਇਕੱਠ ਦੌਰਾਨ ਇੱਕ ਮਹੱਤਵਪੂਰਨ ਰਾਜਨੀਤਿਕ ਵਿਕਾਸ ਵੀ ਵੇਖਣ ਨੂੰ ਮਿਲਿਆ, ਜਦੋਂ ਕਈ ਗਰੁੱਪ, ਜੋ ਪਹਿਲਾਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਸਨ, ਖੁੱਲ੍ਹੇਆਮ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਏ ਅਤੇ ਦੋਸ਼ ਲਗਾਇਆ ਕਿ ਆਪ ਨੇ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ।

ਗਰੁੱਪਾਂ ਦੇ ਪ੍ਰਤਿਨਿਧੀਆਂ ਨੇ ਕਿਹਾ, “ਆਪ ਨੇ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਅਤੇ ਅਸੀਂ ਇਸਦੇ ਨਾਲ ਖੜ੍ਹੇ ਰਹਿਣ ਲਈ ਤਿਆਰ ਹਾਂ।” ਉਨ੍ਹਾਂ ਦਾ ਸਵਾਗਤ ਕਰਦੇ ਹੋਏ ਮਿੱਡੂਖੇੜਾ ਨੇ ਕਿਹਾ, “ਜੋ ਲੋਕ ਪੰਜਾਬ, ਪੰਜਾਬੀਅਤ ਅਤੇ ਪੰਥ ’ਤੇ ਵਿਸ਼ਵਾਸ ਕਰਦੇ ਹਨ, ਉਨ੍ਹਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।”

ਮਿੱਡੂਖੇੜਾ ਅਤੇ ਝਿੰਜਰ ਨੇ ਕਿਹਾ ਕਿ ਇਸ ਵੱਡੇ ਇਕੱਠ ਨੇ ਇਹ ਦੁਬਾਰਾ ਸਾਬਤ ਕੀਤਾ ਹੈ ਕਿ ਵਿਦੇਸ਼ ਵੱਸਦੇ ਪੰਜਾਬੀਆਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਜਜ਼ਬਾਤੀ ਅਤੇ ਰਾਜਨੀਤਿਕ ਰਿਸ਼ਤਾ ਅਜੇ ਵੀ ਮਜ਼ਬੂਤ ਹੈ।

ਸਮਾਗਮ ਦੌਰਾਨ ਕਮਿਊਨਿਟੀ ਮੈਂਬਰਾਂ ਨੇ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਨੂੰ ਦੇਖਣਾ ਚਾਹੁੰਦੇ ਹਨ, ਨਾਲ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਤੇ ਭਰੋਸਾ ਜਤਾਇਆ।

‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਵਿਸ਼ਵ ਪੱਧਰ ’ਤੇ ਇਸ ਸਮਾਗਮ ਵਿੱਚ ਇੱਕ ਸੁਹਿਰਦ ਮਾਹੌਲ ਵੀ ਦੇਖਣ ਨੂੰ ਮਿਲਿਆ। ਯੂਥ ਅਕਾਲੀ ਦਲ ਦੇ ਮੈਂਬਰਾਂ ਨੇ ਕੇਸਰੀ ਦਸਤਾਰਾਂ ਪਹਿਨ ਕੇ ਡੈਲੀਗੇਸ਼ਨ ਦਾ ਸਵਾਗਤ ਕੀਤਾ ਅਤੇ ਆਕਲੈਂਡ ਵਿੱਚ ਰੋਡ ਸ਼ੋਅ ਕੀਤਾ, ਜੋ ਕਿ ‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਦੇ ਵਿਸ਼ਵ ਪੱਧਰ ’ਤੇ ਫੈਲਣ ਦਾ ਸੰਕੇਤ ਸੀ।

ਝਿੰਜਰ ਨੇ ਵਿਦੇਸ਼ੀ ਪੰਜਾਬੀ ਨੌਜਵਾਨਾਂ ਨੂੰ ਦਸਤਾਰ ਮਾਣ ਨਾਲ ਪਹਿਨਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਮੁਹਿੰਮ ਦੁਨੀਆ ਭਰ ਵਿੱਚ ਫੈਲਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਹ ਰਾਜਨੀਤਿਕ ਤਾਕਤ ਹੈ ਜੋ ਲੋਕਾਂ ਦੇ ਧਰਮ ਅਤੇ ਪਹਿਚਾਣ ਤੋਂ ਆਪਣੀ ਤਾਕਤ ਰੱਖਦੀ ਹੈ ।

ਇਸ ਸਮਾਗਮ ਵਿੱਚ ਕਈ ਪ੍ਰਮੁੱਖ ਕਮਿਊਨਿਟੀ ਮੈਂਬਰ ਸ਼ਾਮਲ ਹੋਏ, ਜਿਨ੍ਹਾਂ ਵਿੱਚ ਨਿਊਜ਼ੀਲੈਂਡ ਸੈਂਟ੍ਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ,ਸਕੱਤਰ ਕਰਮਜੀਤ ਸਿੰਘ ,ਦਲਜੀਤ ਸਿੰਘ ਸਿੱਧੂ, ਤਾਰਾ ਸਿੰਘ ਬੈਂਸ, ਰਵੀ ਸਿੰਘ ਵਿਰਕ, ਗੁਰਪ੍ਰੀਤ ਸਿੰਘ ਗੋਪੀ ਸੈਂਗਰ, ਨਵ ਪੱਢਾ, ਮਨਜਿੰਦਰ ਸਿੰਘ ਬਾਸੀ,ਮਾਰਸ਼ਲ ਵਾਲੀਆ,ਖੜਕ ਸਿੰਘ ,ਗੁਰਵਿੰਦਰ ਸਿੰਘ ਔਲਖ ਅਤੇ ਪਿਰਥੀਪਾਲ ਸਿੰਘ ਬਸਰਾ ਵੀ ਸ਼ਾਮਲ ਸਨ।

- PTC NEWS

Top News view more...

Latest News view more...

PTC NETWORK
PTC NETWORK