Sultanpur Lodhi News : ਮੂਲ ਮੰਤਰ ਅਸਥਾਨ 'ਚ ਵਾਪਰਿਆ ਵੱਡਾ ਹਾਦਸਾ, ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਪੇਂਟਰ ਦੀ ਮੌਤ
ਸੁਲਤਾਨਪੁਰ ਲੋਧੀ ਵਿਖੇ ਬਣ ਰਹੇ ਮੂਲ ਮੰਤਰ ਅਸਥਾਨ 'ਚ ਮੰਦਭਾਗਾ ਹਾਦਸਾ ਵਾਪਰਨ ਦੀ ਸੂਚਨਾ ਹੈ। ਇਮਾਰਤ ਦੀ ਚੌਥੀ ਮੰਜ਼ਿਲ 'ਤੇ ਰੰਗ ਰੋਗਨ ਦਾ ਕੰਮ ਕਰਦੇ ਇੱਕ ਮਜ਼ਦੂਰ ਦੀ ਹੇਠਾਂ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ ਹੈ।
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਨੇੜੇ ਵੇਈਂ ਨਦੀ ਦੇ ਕੰਢੇ 'ਤੇ "ਮੂਲ ਮੰਤਰ ਅਸਥਾਨ" ਦੀ ਇਮਾਰਤ ਉਸਾਰੀ ਜਾ ਰਹੀ ਹੈ। ਜਿਥੇ ਉਸ ਵੇਲੇ ਭਗਦੜ ਮਚ ਗਈ, ਜਦੋਂ ਉਕਤ ਇਮਾਰਤ ਨੂੰ ਰੰਗ ਕਰ ਰਹੇ ਇੱਕ ਪੇਂਟਰ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਇਸ ਤੋਂ ਬਾਅਦ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਹੋ ਗਈ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਕਿ ਮ੍ਰਿਤਕ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾਂਦਾ, ਜਿੱਥੇ ਡਾਕਟਰਾਂ ਨੇ ਪੇਂਟਰ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਮਜ਼ਦੂਰ ਦੀ ਸ਼ਨਾਖਤ ਸੁਖਵਿੰਦਰ ਸਿੰਘ (45) ਪੁੱਤਰ ਅਜੀਤ ਸਿੰਘ ਹਾਲ ਵਾਸੀ ਮਹੁੱਲਾ ਕਾਜ਼ੀ ਬਾਗ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ।
ਇਸ ਮੌਕੇ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਨਣ ਸਿੰਘ ਨੇ ਦੱਸਿਆ ਕਿ ਮੂਲ ਮੰਤਰ ਅਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ। ਜਿਸ ਦੇ ਸੰਦਰਭ ਵਿੱਚ ਇਮਾਰਤ ਨੂੰ ਰੰਗ ਰੋਗਨ ਕਰਨ ਦਾ ਕੰਮ ਚੱਲ ਰਿਹਾ ਹੈ। ਇਹ ਵਿਅਕਤੀ ਉੱਪਰ ਚੌਥੀ ਮੰਜ਼ਿਲ ਤੇ ਰੰਗ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਪੈਰ ਤਿਲਕਣ ਨਾਲ ਹੇਠਾਂ ਡਿੱਗ ਪਿਆ ਅਤੇ ਇਸ ਨੂੰ ਆਸਪਾਸ ਦੇ ਮਜ਼ਦੂਰਾਂ ਅਤੇ ਵਿਅਕਤੀਆਂ ਵਲੋਂ ਉਸ ਨੂੰ ਜਖਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਵਿੰਦਰ ਸਿੰਘ ਬੇਹੱਦ ਪੇਂਟਰ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਰ ਬਸਰ ਚਲਾਉਂਦਾ ਸੀ। ਉਹ ਆਪਣੇ ਪਿੱਛੇ ਇਕ ਚਾਰ ਸਾਲ ਦਾ ਬੇਟਾ ਅਤੇ ਪਤਨੀ ਛੱਡ ਗਿਆ। ਪਰਿਵਾਰ ਦਾ ਹੋਰ ਕੋਈ ਸਹਾਰਾ ਨਹੀਂ ਹੈ।
ਮਾਮਲਾ ਐਸਜੀਪੀਸੀ ਪ੍ਰਧਾਨ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਤੇ ਨੌਕਰੀ ਦੇਣ ਬਾਬਤ ਵਿਚਾਰ ਕੀਤਾ ਜਾ ਰਿਹਾ ਹੈ।
- PTC NEWS