Pahalgam Attack : ਛੱਤੀਸਿੰਘਪੁਰਾ ਸਿੱਖ ਕਤਲੇਆਮ ਨੂੰ ਲੈ ਕੇ ਵਿਦੇਸ਼ੀ ਪੱਧਰ 'ਤੇ ਕੀਤਾ ਜਾ ਰਿਹਾ ਭਾਰਤ ਖ਼ਿਲਾਫ਼ ਭੜਕਾਊ ਪ੍ਰਚਾਰ , ਪਹਿਲਗਾਮ ਹਮਲਾ ਉਸੇ ਤਰਜ਼ 'ਤੇ ਹੋਣ ਦਾ ਕੀਤਾ ਦਾਅਵਾ
Pahalgam Attack : ਪਹਿਲਗਾਮ ਹਮਲੇ ਤੋਂ ਬਾਅਦ ਵਿਦੇਸ਼ੀ ਤਾਕਤਾਂ ਖਾਸ ਕਰਕੇ ਸਿੱਖਜ਼ ਫਾਰ ਜਸਟਿਸ (SFJ) ਅਤੇ ਪਾਕਿਸਤਾਨੀ ਏਜੰਸੀ ISI ਸਪਾਂਸਰਡ ਮੀਡੀਆ ਵੱਲੋਂ ਵਿਦੇਸ਼ੀ ਪੱਧਰ 'ਤੇ ਭਾਰਤ ਖ਼ਿਲਾਫ਼ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਹ ਗਿਰੋਹ 20 ਮਾਰਚ 2000 ਨੂੰ ਹੋਏ ਛੱਤੀਸਿੰਘਪੁਰਾ ਕਤਲੇਆਮ ਨੂੰ ਭਾਰਤੀ ਫੌਜ ਵੱਲੋਂ ਕਰਵਾਇਆ ਗਿਆ ਝੂਠਾ ਫਲੈਗ ਆਪ੍ਰੇਸ਼ਨ ਦੱਸ ਕੇ ਪਹਲਗਾਮ ਹਮਲੇ ਨਾਲ ਤੁਲਨਾ ਕਰ ਰਿਹਾ ਹੈ। ਉਨ੍ਹਾਂ ਵੱਲੋਂ ਪਹਿਲਗਾਮ ਹਮਲਾ ਉਸੇ ਤਰਜ਼ 'ਤੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
20 ਮਾਰਚ 2000 ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸਥਿਤ ਛੱਤੀਸਿੰਘਪੁਰਾ ਪਿੰਡ ਦੇ 36 ਸਿੱਖ ਮੂਲ ਨਿਵਾਸੀਆਂ ਦੀ ਸੈਨਾ ਦੀ ਵਰਦੀ ਪਹਿਨੇ ਲਸ਼ਕਰ-ਏ-ਤੋਇਬਾ (LeT) ਦੇ ਅੱਤਵਾਦੀਆਂ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਗਵਾਹਾਂ ਦੇ ਮੁਤਾਬਕ ਹਮਲਾਵਰ 15 ਤੋਂ 20 ਗਿਣਤੀ 'ਚ ਸੀ ਅਤੇ ਦੋ ਗਰੁੱਪਾਂ 'ਚ ਵੰਡੇ ਗਏ। ਇਹ ਹਮਲਾਵਰ ਪਿੰਡ ਦੇ ਦੋ ਗੁਰਦੁਆਰਿਆਂ—ਸ਼ੌਕੀਨ ਮੋਹੱਲਾ ਗੁਰਦੁਆਰਾ ਸਾਹਿਬ ਅਤੇ ਸਿੰਘ ਸਭਾ ਸੁਮੰਦਰੀ ਹਾਲ ਗੁਰਦੁਆਰਾ ਸਾਹਿਬ ਦੇ ਬਾਹਰ ਪਹੁੰਚੇ ਅਤੇ ਸਿੱਖਾਂ ਦੇ 2 ਗਰੁੱਪਾਂ ਨੂੰ 2 ਗੁਰਦੁਆਰਿਆਂ ਦੇ ਬਾਹਰ ਖੜ੍ਹਾ ਕਰ ਦਿੱਤਾ ,ਜੋ ਸਿਰਫ਼ 150 ਮੀਟਰ ਦੀ ਦੂਰੀ ਤੇ ਸਥਿਤ ਹੈ। ਨਕਾਬਪੋਸ਼ ਅੱਤਵਾਦੀਆਂ ਨੇ ਬਹੁਤ ਨੇੜਿਓਂ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ 'ਚ 36 ਲੋਕ ਮਾਰੇ ਗਏ।
ਇਹ ਕਤਲੇਆਮ ਪਾਕਿਸਤਾਨੀ ਸਪਾਂਸਰਡ ਅੱਤਵਾਦੀ ਸੰਗਠਨਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਦੌਰੇ ਤੋਂ ਪਹਿਲਾਂ ਕੀਤਾ ਗਿਆ ਸੀ ਤਾਂ ਕਿ ਜੰਮੂ-ਕਸ਼ਮੀਰ ਦੇ ਮੁੱਦੇ ਵੱਲ ਅੰਤਰਰਾਸ਼ਟਰੀ ਧਿਆਨ ਖਿੱਚਿਆ ਜਾ ਸਕੇ। ਇਹ ਹਮਲਾ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਸੰਗਠਨਾਂ ਦੁਆਰਾ ਚੱਲ ਰਹੇ ਅੱਤਵਾਦ ਨੂੰ ਫਿਰਕੂ ਰੰਗਤ ਦੇਣ ਲਈ ਹੁਣ ਤੱਕ ਕੀਤੀਆਂ ਗਈਆਂ ਕਈ ਯੋਜਨਾਬੱਧ ਅੱਤਵਾਦੀ ਘਟਨਾਵਾਂ ਵਿੱਚੋਂ ਇੱਕ ਹੈ।
26/11 ਦੇ ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਡੇਵਿਡ ਕੋਲਮੈਨ ਹੈਡਲੀ ਤੋਂ ਉਸਦੇ ਵਕੀਲ ਅਤੇ FBI ਅਧਿਕਾਰੀਆਂ ਦੀ ਮੌਜੂਦਗੀ ਵਿੱਚ NIA ਨੇ ਅਮਰੀਕਾ ਵਿੱਚ (3 ਜੂਨ 2010 ਤੋਂ 9 ਜੂਨ 2010 ਤੱਕ) ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਦੌਰਾਨ ਹੈਡਲੀ ਨੇ ਖੁਲਾਸਾ ਕੀਤਾ ਕਿ ਲਸ਼ਕਰ ਨਾਲ ਆਪਣੀ ਅੱਤਵਾਦੀ ਸਿਖਲਾਈ (ਅਗਸਤ 2002) ਦੌਰਾਨ ਉਹ ਮੁਜ਼ਮਿਲ ਬੱਟ ਨਾਮਕ ਇੱਕ ਕਸ਼ਮੀਰੀ ਅੱਤਵਾਦੀ ਨੂੰ ਮਿਲਿਆ ਸੀ, ਜੋ ਲਸ਼ਕਰ ਦਾ ਇੱਕ ਮੁੱਖ ਸੰਚਾਲਕ ਸੀ ਅਤੇ ਭਾਰਤ ਵਿੱਚ ਅੱਤਵਾਦੀ ਕਾਰਵਾਈਆਂ ਦਾ ਇੰਚਾਰਜ ਸੀ।
ਮੁਜ਼ਮਿਲ ਨੇ ਹੈਡਲੀ ਨੂੰ ਦੱਸਿਆ ਸੀ ਕਿ ਉਸਨੇ ਆਪਣੇ ਆਈਐਸਆਈ ਹੈਂਡਲਰ ਅਤੇ ਲਸ਼ਕਰ-ਏ-ਤੋਇਬਾ ਮੁਖੀ ਹਾਫਿਜ਼ ਸਈਦ ਦੇ ਨਿਰਦੇਸ਼ਾਂ 'ਤੇ ਅਮਰੀਕੀ ਰਾਸ਼ਟਰਪਤੀ ਦੇ ਦੌਰੇ ਤੋਂ ਪਹਿਲਾਂ ਦੱਖਣੀ ਕਸ਼ਮੀਰ ਦੇ ਇੱਕ ਪਿੰਡ 'ਤੇ ਹਮਲਾ ਕੀਤਾ ਸੀ ਅਤੇ ਆਮ ਨਾਗਰਿਕਾਂ ਦੀ ਹੱਤਿਆ ਕੀਤੀ ਸੀ। ਹੈਡਲੀ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਮੁਜ਼ਮਿਲ ਨੇ ਗੁਜਰਾਤ ਦੇ ਅਕਸ਼ਰਧਾਮ ਮੰਦਰ (24 ਸਤੰਬਰ 2002) 'ਤੇ ਹਮਲੇ ਦੀ ਯੋਜਨਾ ਵੀ ਬਣਾਈ ਸੀ ਅਤੇ ਉਸਨੂੰ ਅੰਜਾਮ ਵੀ ਦਿੱਤਾ।
- PTC NEWS