Muktsar News : ਮੁਕਤਸਰ ਵਿੱਚ ਰਜਬਾਹਾ ਟੁੱਟਣ ਨਾਲ ਫੈਲਿਆ ਖ਼ਤਰਾ, ਬਸਤੀ ਵਾਸੀ ਖੁਦ ਹੀ ਲੱਗੇ ਪੂਰਨ
Muktsar News : ਸ਼੍ਰੀ ਮੁਕਤਸਰ ਸਾਹਿਬ ਦੇ ਕੋਟਲੀ ਰੋਡ ਨਜ਼ਦੀਕ ਕਾਲੂ ਕੀ ਵਾੜੀ ਕੋਲੋਂ ਲੰਘਦੇ ਰਜਬਾਹੇ ਵਿੱਚ ਅੱਜ ਸਵੇਰੇ ਪਿਆ ਪਾੜ ਲੋਕਾਂ ਲਈ ਵੱਡੀ ਚਿੰਤਾ ਦਾ ਕਾਰਨ ਬਣ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਰਜਬਾਹਾ ਟੁੱਟ ਗਿਆ ਤੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੀ ਬਸਤੀ ਵੱਲ ਪਾਣੀ ਵਗਣ ਲੱਗਾ। ਪ੍ਰਸ਼ਾਸਨ ਦੇ ਨਾ ਪਹੁੰਚਣ ਕਾਰਨ ਬਸਤੀ ਵਾਸੀਆਂ ਨੇ ਆਪਣੇ ਪੱਧਰ ਉੱਪਰ ਛੋਟੇ ਬੱਚਿਆਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਨਾਲ ਮਿਲ ਕੇ ਮਿੱਟੀ ਦੇ ਬੋਰੇ ਭਰਕੇ ਰੋਕਿਆ ਪਾਣੀ। ਲੋਕਾਂ ਦਾ ਕਹਿਣਾ ਹੈ ਕਿ ਇਹ ਰਜਬਾਹਾ ਹਰ ਸਾਲ ਟੁੱਟਦਾ ਹੈ ਪਰ ਨਹਿਰ ਵਿਭਾਗ ਵੱਲੋਂ ਕਦੇ ਵੀ ਸੁਰੱਖਿਆ ਦੇ ਪੱਕੇ ਪ੍ਰਬੰਧ ਨਹੀਂ ਕੀਤੇ ਗਏ।
ਸ਼੍ਰੀ ਮੁਕਤਸਰ ਸਾਹਿਬ ਵਿੱਚ ਅੱਜ ਚੜ੍ਹਦੀ ਸਵੇਰ ਰਜਬਾਹਾ ਟੁੱਟਣ ਕਾਰਨ ਸ਼ਹਿਰ ਦੇ ਵਾਸੀਆਂ ਵਿੱਚ ਸਹਿਮ ਮਾਹੌਲ ਬਣ ਗਿਆ। ਕੋਟਲੀ ਰੋਡ ਸਥਿਤ ਕਾਲੂ ਕੀ ਵਾੜੀ ਦੇ ਕੋਲੋਂ ਲੰਘਦੇ ਰਜਬਾਹੇ ਦੇ ਟੁੱਟਣ ਨਾਲ ਪਾਣੀ ਤੇਜ਼ੀ ਨਾਲ ਬਸਤੀ ਵੱਲ ਦਾਖ਼ਲ ਹੋਣ ਲੱਗਾ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਰਜਬਾਹਾ ਹਰ ਸਾਲ ਟੁੱਟਦਾ ਹੈ ਪਰ ਸਬੰਧਤ ਨਹਿਰ ਵਿਭਾਗ ਵੱਲੋਂ ਅਜੇ ਤੱਕ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਰਕੇ ਹਰ ਵਾਰੀ ਲੋਕਾਂ ਨੂੰ ਆਪਣੇ ਹੀ ਪੱਧਰ ਉੱਪਰ ਸੰਘਰਸ਼ ਕਰਨਾ ਪੈਂਦਾ ਹੈ। ਪਾਣੀ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਬਸਤੀ ਵਾਸੀਆਂ ਨੇ ਇਕ ਦੂਜੇ ਨਾਲ ਮਿਲ ਕੇ ਖਾਲੀ ਬੋਰੇ ਇਕੱਠੇ ਕੀਤੇ ਤੇ ਉਹਨਾਂ ਵਿੱਚ ਮਿੱਟੀ ਭਰ ਕੇ ਰਜਬਾਹੇ ਦੇ ਪਾੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਛੋਟੇ ਛੋਟੇ ਬੱਚੇ, ਮਹਿਲਾਵਾਂ ਅਤੇ ਬਜ਼ੁਰਗ ਵੀ ਮਿਹਨਤ ਕਰਦੇ ਨਜ਼ਰ ਆਏ। ਲੋਕਾਂ ਨੇ ਦੱਸਿਆ ਕਿ ਜਦੋਂ ਪਾਣੀ ਘਰਾਂ ਵੱਲ ਵਗਣ ਲੱਗਾ ਤਾਂ ਉਹਨਾਂ ਨੇ ਆਪ ਹੀ ਤੁਰੰਤ ਕਾਰਵਾਈ ਕੀਤੀ ਕਿਉਂਕਿ ਨਾ ਤਾਂ ਕੋਈ ਨਹਿਰ ਵਿਭਾਗ ਦਾ ਅਧਿਕਾਰੀ ਮੌਕੇ 'ਤੇ ਪਹੁੰਚਿਆ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਮਿਲੀ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਜੇ ਲੋਕ ਆਪਣੇ ਹੀ ਪੱਧਰ ਉੱਪਰ ਕਾਰਵਾਈ ਨਾ ਕਰਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਉਹਨਾਂ ਨੇ ਕਿਹਾ ਕਿ ਰਜਬਾਹੇ ਦੀ ਸੰਭਾਲ ਲਈ ਹਰ ਸਾਲ ਅਪੀਲ ਕੀਤੀ ਜਾਂਦੀ ਹੈ ਪਰ ਕੋਈ ਸੁਣਵਾਈ ਨਹੀਂ ਹੁੰਦੀ।
ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼।
- PTC NEWS