Bathinda News : ਲੁਟੇਰਿਆਂ ਨੇ ਸਾਬਕਾ ਫੌਜੀ ਤੋਂ ਲੁੱਟੇ 15 ਲੱਖ ਰੁਪਏ , ਮਗਰੋਂ ਸਾਬਕਾ ਫੌਜੀ ਨੂੰ ਦੇ ਦਿੱਤਾ ਜ਼ਹਿਰੀਲਾ ਪਦਾਰਥ
Bathinda News : ਬਠਿੰਡਾ -ਮਾਨਸਾ ਹਾਈਵੇ 'ਤੇ ਪਿੰਡ ਬਾਰਾ ਸਿੰਘਾ ਨੇੜੇ ਇਕ ਸਾਬਕਾ ਫੌਜੀ ਜਵਾਨ ਤੋਂ ਕਰੀਬ 15 ਲੱਖ ਰੁਪਏ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਲੁਟੇਰਿਆਂ ਵੱਲੋਂ ਸਾਬਕਾ ਫੌਜੀ ਨੂੰ ਜ਼ਹਿਰੀਲਾ ਪਦਾਰਥ ਦਿੱਤੇ ਜਾਣ ਤੋਂ ਬਾਅਦ ਬਠਿੰਡਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਹੈ। ਜਿੱਥੋਂ ਹਾਲਤ ਗੰਭੀਰ ਵੇਖਦੇ ਹੋਏ ਪ੍ਰਾਈਵੇਟ ਹਸਪਤਾਲ ਰੈਫਰ ਕੀਤਾ ਗਿਆ ਹੈ।
ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਥਾਣਾ ਕੋਟ ਫਤਹਾ ਦੀ ਐਸਐਚਓ ਜਸਵਿੰਦਰ ਕੌਰ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਾਰਾ ਸਿੰਘਾ ਦੇ ਮੋੜ 'ਤੇ ਇੱਕ ਸਾਬਕਾ ਫੌਜੀ ਅਵਤਾਰ ਸਿੰਘ ਵਾਸੀ ਕੋਟਲੀ ਖੁਰਦ ਤੋਂ 15 ਲੱਖ ਰੁਪਏ ਦੀ ਲੁੱਟ ਹੋਈ ਹੈ। ਸੂਚਨਾ ਮਿਲਦੀ ਹੀ ਪੁਲਿਸ ਦੀਆਂ ਵੱਖ -ਵੱਖ ਟੀਮਾਂ ਸਾਬਕਾ ਫੌਜੀ ਅਵਤਾਰ ਸਿੰਘ ਪਾਸ ਪਹੁੰਚੀਆਂ। ਅਵਤਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਠਿੰਡਾ ਬੈਂਕ ਤੋਂ ਕਰੀਬ 15 ਲੱਖ ਰੁਪਏ ਕਢਵਾ ਕੇ ਵਾਪਸ ਜਾ ਰਿਹਾ ਸੀ।
ਇਸ ਦੌਰਾਨ ਪਿੰਡ ਕੋਟਸ਼ਮੀਰ ਤੋਂ ਇੱਕ ਮੁੰਡਾ -ਕੁੜੀ ਉਸ ਨਾਲ ਬੈਠ ਕੇ ਗਏ ਅਤੇ ਜਦੋਂ ਉਹ ਪਿੰਡ ਗਹਿਰੀ ਬਾਰਾ ਸਿੰਘਾ ਨਜ਼ਦੀਕ ਪਹੁੰਚੇ ਤਾਂ ਇੱਕ ਕਾਰ ਨੇ ਉਹਨਾਂ ਨੂੰ ਰੋਕ ਲਿਆ ਅਤੇ ਮੋਟਰਸਾਈਕਲ ਸਵਾਰ ਅਤੇ ਆਲਟੋ ਕਾਰ ਸਵਾਰਾਂ ਵੱਲੋਂ ਉਸ ਤੋਂ 15 ਲੱਖ ਰੁਪਏ ਲੁੱਟ ਕੇ ਉਸ ਨੂੰ ਜ਼ਹਿਰੀਲਾ ਪਦਾਰਥ ਦੇ ਦਿੱਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਸਾਬਕਾ ਫੌਜੀ ਅਵਤਾਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਪ੍ਰਾਈਵੇਟ ਹਸਪਤਾਲ ਰੈਫਰ ਕੀਤਾ ਗਿਆ ਹੈ
ਇਸ ਘਟਨਾ ਸਬੰਧੀ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁੱਢਲੇ ਹਾਲਾਤਾਂ ਤੋਂ ਇਹ ਮਾਮਲਾ ਸ਼ੱਕੀ ਜਾਪਦਾ ਹੈ ਪਰ ਫਿਰ ਵੀ ਪੁਲਿਸ ਵੱਲੋਂ ਡੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਹੀਆਂ ਹਨ।
- PTC NEWS