SGPC ਦੀ ਧਰਮ ਪ੍ਰਚਾਰ ਕਮੇਟੀ ਇੰਚਾਰਜ ਕਰਤਾਰ ਸਿੰਘ ਰਹੱਸਮਈ ਹਾਲਾਤਾਂ 'ਚ ਲਾਪਤਾ! ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
SGPC Dharam Prachar Committee News : ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਦੇ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਖ਼ਬਰ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਅਤੇ ਪਰਿਵਾਰ ਨੇ ਕਰਤਾਰ ਸਿੰਘ ਨੂੰ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਹੈ।
ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਦੇ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਹੋਣ ਤੋਂ ਬਾਅਦ, ਸ਼੍ਰੋਮਣੀ ਕਮੇਟੀ ਅਤੇ ਕਰਤਾਰ ਸਿੰਘ ਦੀਆਂ ਭੈਣਾਂ ਨੇ ਉਸਦੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ। ਵਿਜੇ ਸਿੰਘ, ਸਕੱਤਰ ਐਸਜੀਪੀਸੀ ਨੇ ਕਿਹਾ ਕਿ ਕਰਤਾਰ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੈ, ਜਦੋਂ ਕਿ ਸੁਲਤਾਨਵਿੰਡ ਨਹਿਰ ਦੇ ਕੰਢੇ ਉਸਦੀ ਐਕਟਿਵਾ ਮਿਲੀ ਹੈ, ਜਿਸ ਤੋਂ ਬਾਅਦ ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸਦਾ ਕਤਲ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ।
ਭੈਣ ਨੇ ਕਰਤਾਰ ਸਿੰਘ ਦੀ ਪਤਨੀ ਤੇ ਧੀ 'ਤੇ ਲਾਏ ਇਲਜ਼ਾਮ
ਕਰਤਾਰ ਸਿੰਘ ਦੀ ਭੈਣ ਨੇ ਦੱਸਿਆ ਕਿ ਕਰਤਾਰ ਸਿੰਘ ਦੀ ਪਤਨੀ ਅਤੇ ਭਰਜਾਈ ਉਸਨੂੰ ਤੰਗ-ਪ੍ਰੇਸ਼ਾਨ ਕਰਦੀਆਂ ਸਨ ਅਤੇ ਜਿਸ ਰਾਤ ਉਹ ਗਾਇਬ ਹੋਇਆ ਸੀ ਉਸ ਰਾਤ ਉਸਦੀ ਕੁੱਟਮਾਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਰਤਾਰ ਦੀ ਪਤਨੀ ਅਤੇ ਧੀ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਵਾਪਸ ਆਈਆਂ ਸਨ, ਜਦਕਿ ਕਰਤਾਰ ਸਿੰਘ ਪਹਿਲਾਂ ਵੀ ਦੱਸਦਾ ਸੀ ਕਿ ਉਸਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਕਰਤਾਰ ਸਿੰਘ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੋਣ ਕਾਰਨ, ਅੱਜ ਸਾਰੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਇਸ ਸਬੰਧੀ ਬੀ-ਡਿਵੀਜ਼ਨ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੁਲਜ਼ਮਾਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਦਾ ਕੀ ਹੈ ਕਹਿਣਾ ?
ਦੂਜੇ ਪਾਸੇ, ਐਸਐਚਓ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ, ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਕਰਤਾਰ ਸਿੰਘ ਦੀ ਐਕਟਿਵਾ ਨਹਿਰ ਦੇ ਨੇੜੇ ਮਿਲੀ ਸੀ, ਇਸ ਲਈ ਨਹਿਰ ਵਿੱਚ ਵੀ ਉਸਦੀ ਭਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
- PTC NEWS