Shiromani Akali Dal : ਅਕਾਲੀ ਦਲ ਮਾਲਵਾ ਖਿੱਤੇ ’ਚ ਮੁੱਖ ਤਾਕਤ ਵਜੋਂ ਉਭਰਿਆ: ਸੁਖਬੀਰ ਸਿੰਘ ਬਾਦਲ
ਗਿੱਦੜਬਾਹਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਮਗਰੋਂ ਅਕਾਲੀ ਦਲ ਅੱਜ ਮਾਲਵਾ ਖਿੱਤੇ ਵਿਚ ਇਕ ਪ੍ਰਮੁੱਖ ਸਿਆਸੀ ਤਾਕਤ ਬਣ ਗਿਆ ਹੈ ਤੇ ਉਹਨਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 2027 ਵਿਚ ਸੂਬੇ ਵਿਚ ਪਾਰਟੀ ਨੂੰ ਸੱਤਾ ਵਿਚ ਲਿਆਉਣ ਵਾਸਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਇਥੇ ਗਿੱਦੜਬਾਹਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ, ਨੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਮੁਕਤਸਰ ਸਾਹਿਬ ਵਿਚ ਆਉਣ ਵਾਲੀ ਮਾਘੀ ਦੀ ਸਿਆਸੀ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਅਤੇ ਕਿਹਾ ਕਿ ਇਸ ਨਾਲ 2027 ਦੀਆਂ ਚੋਣਾਂ ਪਾਰਟੀ ਚੋਣ ਬਿਗਲ ਵਜਾ ਦੇਵੇਗੀ।ਉਹਨਾਂ ਕਿਹਾ ਕਿ ਪੰਜਾਬੀ ਵੱਡੀ ਗਿਣਤੀ ਵਿਚ ਅਕਾਲੀ ਦਲ ਦੀ ਹਮਾਇਤ ਵਿਚ ਨਿੱਤਰ ਰਹੇ ਹਨ ਅਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਇਹ ਸਪਸ਼ਟ ਨਜ਼ਰ ਆਇਆ ਹੈ ਜਿਸ ਵਿਚ ਕਾਂਗਰਸ ਗਿੱਦੜਬਾਹਾ, ਜਿਥੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਚੋਣਾਂ ਲੜਦੇ ਹਨ, ਸਮੇਤ ਮਾਲਵਾ ਖਿੱਤੇ ਵਿਚ ਤੀਜੇ ਨੰਬਰ ’ਤੇ ਆਈ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਦੀ ਵਾਗਡੋਰ ਅਰਵਿੰਦ ਕੇਜਰੀਵਾਲ ਜੋ ਈਸਟ ਇੰਡੀਆ ਕੰਪਨੀ ਵਾਂਗ ਆਪਣੇ ਖ਼ਜ਼ਾਨੇ ਭਰਨ ਵਾਸਤੇ ਕੰਮ ਕਰਦੇ ਹਨ, ਨੂੰ ਸੂਬ ਦੀ ਵਾਗਡੋਰ ਸੌਂਪ ਕੇ ਆਪਣੀ ਕੁਰਸੀ ਦਾ ਅਪਮਾਨ ਕੀਤਾ ਹੈ।
ਹਾਲ ਹੀ ਵਿਚ ਹੋਈਆਂ ਪੰਚਾਇਤੀ ਚੋਣਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਚਾਇਤੀ ਰਾਜ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਡਰਾਉਣ ਵਾਸਤੇ ਪੁਲਿਸ ਫੋਰਸ ਦੀ ਵਰਤੋਂ ਕੀਤੀ। ਉਹਨਾਂ ਕਿਹਾ ਕਿ ਇਹਨਾਂ ਜਿੱਤਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਕਿਉਂਕਿ ਇਹ ਤਾਕਤ ਦੀ ਵਰਤੋਂ ਦੇ ਸਿਰ ’ਤੇ ਹਾਸਲ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਲੋਕ ਮਹਿਸੂਸ ਕਰ ਰਹੇ ਹਨ ਕਿ ਅਕਾਲੀ ਦਲ ਖੇਤਰੀ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਲੋਕ ਦਿਲੋਂ ਉਸਦੀ ਹਮਾਇਤ ਕਰ ਰਹੇ ਹਨ। ਉਹਨਾਂ ਕਿਹਾ ਕਿ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਲੋਕ ਹੁਣ ਹੋਰ ਤਜ਼ਰਬੇ ਨਹੀਂ ਕਰਨਗੇ ਕਿਉਂਕਿ ਪਿਛਲੇ 10 ਸਾਲਾਂ ਵਿਚ ਉਹਨਾਂ ਨਤੀਜਾ ਵੇਖ ਲਿਆ ਹੈ ਤੇ ਹੁਣ ਉਹ ਦਿਲੋਂ ਅਕਾਲੀ ਦਲ ਦੀ ਹਮਾਇਤ ਕਰਨਗੇ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕੋਲ ਸੂਬੇ ਦੇ ਵਿਕਾਸ ਵਾਸਤੇ ਪੂਰੇ ਖਾਕਾ ਤਿਆਰ ਹੈ। ਉਹਨਾਂ ਕਿਹਾ ਕਿ ਅਸੀਂ ਸਪਸ਼ਟ ਹਾਂ। ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਅਸੀਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਔਰਤਾਂ, ਨੌਜਵਾਨਾਂ ਤੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਕੰਮ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਸਪਸ਼ਟ ਹਾਂ ਕਿ ਜਿਹਨਾਂ ਨੇ ਪੰਜਾਬ ਨੂੰ ਆਰਥਿਕ ਤੌਰ ’ਤੇ ਤਬਾਹ ਕੀਤਾ ਅਤੇ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਰਾਹੀਂ ਸੂਬੇ ਨੂੰ ਬਰਬਾਦ ਕੀਤਾ, ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।

ਸ੍ਰੀ ਮੁਕਤਸਰ ਸਾਹਿਬ ਵਿਖੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਨਜਿੰਦਰ ਸਿੰਘ ਬਿੱਟੂ, ਹਨੀ ਫੱਤਣਵਾਲਾ, ਬੌਬੀ ਮਾਨ, ਹੀਰਾ ਸਿੰਘ ਚਰੇਵਾਲ, ਮਲੌਟ ਵਿਖੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਬਸੰਤ ਸਿੰਘ ਕੰਗ ਅਤੇ ਗਿੱਦੜਬਾਹਾ ਵਿਖੇ ਗੁਰਮੀਤ ਮਾਨ, ਨਵਤੇਜ ਕਾਉਣੀ, ਗੁਰਦਿਆਲ ਕੌਰ ਮੱਲਣ, ਚਰਨਜੀਤ ਸਿੰਘ ਭੂੰਦੜ ਅਤੇ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।
- PTC NEWS