ਸਿੱਖੀ ਦੀ ਨਿਆਰੀ ਹੋਂਦ ‘ਤੇ ਹਮਲੇ ਕਰਨ ਵਾਲੀਆਂ ਤਾਕਤਾਂ ਤੋਂ ਸਿੱਖ ਕੌਮ ਸੁਚੇਤ ਹੋਵੇ - ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਸਿੱਖ ਕੌਮ ਉਨ੍ਹਾਂ ਸ਼ਕਤੀਆਂ ਤੋਂ ਸੁਚੇਤ ਰਹੇ ਜੋ ਸਿੱਖ ਕੌਮ ਦੀ ਨਿਆਰੀ ਹੋੰਦ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਸਿੱਖ ਸਿਧਾਂਤਾਂ, ਸਿੱਖੀ ਸਰੂਪ ਅਤੇ ਸਿੱਖ ਰਹਿਤ ਮਰਿਆਦਾ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਕਰ ਰਹੀਆਂ ਹਨ।
ਅੱਜ ਜਾਰੀ ਇਕ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹਰੇਕ ਸਿੱਖ ਨੂੰ ਇਸ ਗੱਲ ਵਿਚ ਰੱਤੀ ਭਰ ਵੀ ਸ਼ੰਕਾ ਨਹੀਂ ਹੈ ਕਿ ਕੇਸ ਸਿੱਖੀ ਦੀ ਮੋਹਰ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕੇਸਾਂ ਦੀ ਸੰਭਾਲ ਕਰਨ ਦਾ ਉਪਦੇਸ਼ ਦੇ ਕੇ ਹੀ ਸਿੱਖੀ ਵਿਚ ਪ੍ਰਵੇਸ਼ ਕਰਨ ਲਈ ਸਾਬਤ-ਸੂਰਤ ਰੱਖਣੀ ਲਾਜ਼ਮੀ ਕਰਾਰ ਦਿੱਤੀ ਸੀ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਾਂ ਨੂੰ ਸਿੱਖੀ ਦੀ ਮੋਹਰ ਕਰਾਰ ਦਿੱਤਾ ਅਤੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਨੋਟਿਸ ਵਿਚ ਆਇਆ ਹੈ ਕਿ ਕੁਝ ਡੇਰੇਦਾਰ ਜਾਂ ਸਿੱਖ ਵਿਰੋਧੀ ਵਿਚਾਰਧਾਰਾ ਚਲਾ ਰਹੇ ਲੋਕ ਸਿੱਖ ਧਰਮ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਕਰਕੇ ਭਰਮ-ਭੁਲੇਖੇ ਖੜ੍ਹੇ ਕਰਨ ਦੇ ਯਤਨ ਕਰ ਰਹੇ ਹਨ ਕਿ ਸਿੱਖ ਬਣਨ ਲਈ ਕੇਸਾਂ ਦੀ ਰਹਿਤ ਲਾਜ਼ਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਸੰਸਥਾ ਸਿੱਖ ਧਰਮ ਸਬੰਧੀ ਗ਼ਲਤ ਬਿਆਨੀ ਕਰਕੇ ਸਿੱਖ ਕੌਮ ਦੀ ਨਿਰਾਲੀ ਪਛਾਣ ‘ਤੇ ਹਮਲਾ ਕਰਨ ਦੇ ਯਤਨ ਕਰੇਗੀ ਤਾਂ ਸਿੱਖ ਕੌਮ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਜੋ ਵਿਅਕਤੀ ਜਾਂ ਸੰਸਥਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ-ਜੋਤਿ ਗੁਰੂ ਹੀ ਨਹੀਂ ਮੰਨਦੀਆਂ ਅਤੇ ਆਪਣੇ ਦੇਹਧਾਰੀ ਗੁਰੂਡੰਮ ਚਲਾ ਰਹੀਆਂ ਹਨ, ਉਨ੍ਹਾਂ ਨੂੰ ਇਕ ਸਿੱਖ ਬਣਨ ਦੀ ਪ੍ਰੀਭਾਸ਼ਾ ਆਪਣੀ ਮਰਜ਼ੀ ਅਨੁਸਾਰ ਤੈਅ ਕਰਨ ਦਾ ਕੋਈ ਹੱਕ ਨਹੀਂ ਹੈ।ਉਨ੍ਹਾਂ ਸਿੱਖ ਕੌਮ ਨੂੰ ਅਜਿਹੀਆਂ ਸਿੱਖ ਵਿਰੋਧੀ ਸ਼ਕਤੀਆਂ ਨੂੰ ਪਛਾਨਣ ਤੇ ਉਨ੍ਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ, ਜੋ ਗੁਰਬਾਣੀ ਦੇ ਆਸ਼ੇ, ਸਿੱਖ ਸਿਧਾਂਤਾਂ ਅਤੇ ਸਿੱਖ ਰਹਿਤ ਮਰਿਆਦਾ ਦੇ ਉਲਟ ਗੁੰਮਰਾਹਕੁੰਨ ਬਿਆਨਬਾਜ਼ੀਆਂ ਕਰਕੇ ਸਿੱਖਾਂ ਨੂੰ ਆਪਣੇ ਆਸ਼ੇ ਅਤੇ ਆਪਣੇ ਅਕੀਦੇ ਤੋਂ ਤੋੜਣ ਦੇ ਯਤਨ ਕਰਦੀਆਂ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਰਕਾਰਾਂ ਨੂੰ ਵੀ ਅਗਾਹ ਕਰਦਿਆਂ ਆਖਿਆ ਕਿ ਸਿੱਖ ਧਰਮ ਵਿਰੁੱਧ ਗੁੰਮਰਾਹਕੁੰਨ ਅਤੇ ਭੜਕਾਹਟ ਪੈਦਾ ਕਰਨ ਵਾਲਾ ਪ੍ਰਚਾਰ ਕਰਨ ਵਾਲੀਆਂ ਅਤੇ ਸਿੱਖੀ ਦੀ ਨਿਰਾਲੀ ਤੇ ਨਿਆਰੀ ਹੋਂਦ ‘ਤੇ ਹਮਲੇ ਕਰਨ ਵਾਲੀਆਂ ਤਾਕਤਾਂ ਨੂੰ ਤੁਰੰਤ ਨੱਥ ਪਾਈ ਜਾਵੇ ਨਹੀਂ ਤਾਂ ਇਹੋ ਜਿਹੇ ਨਾਪਾਕ ਮਨਸੂਬਿਆਂ ਦੇ ਨਤੀਜੇ ਠੀਕ ਨਹੀਂ ਹੋਣਗੇ।
ਪੂਰੀ ਖ਼ਬਰ ਪੜ੍ਹੋ: ਦਸਤਾਰ ਸਜਾ ਕੇ ਪੰਜਾਬ ਪਹੁੰਚੇ ਬਾਗੇਸ਼ਵਰ ਧਾਮ ਵਾਲੇ ਧਿਰੇਂਦਰ ਸ਼ਾਸਤਰੀ, ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
- PTC NEWS