National Herald Case : ਈਡੀ ਨੇ ਨੈਸ਼ਨਲ ਹੈਰਾਲਡ ਮਾਮਲੇ 'ਚ ਦਾਇਰ ਕੀਤੀ ਪਹਿਲੀ ਚਾਰਜਸ਼ੀਟ, ਸੋਨੀਆ-ਰਾਹੁਲ, ਸੈਮ ਪਿਤਰੋਦਾ ਸਮੇਤ ਇਨ੍ਹਾਂ ਵੱਡੇ ਨੇਤਾਵਾਂ ਦੇ ਨਾਮ ਸ਼ਾਮਲ
National herald case : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਚਾਰਜਸ਼ੀਟ ਵਿੱਚ ਉਨ੍ਹਾਂ ਦੇ ਕਰੀਬੀ ਕਾਂਗਰਸੀ ਆਗੂ ਸੈਮ ਪਿਤਰੋਦਾ ਅਤੇ ਸੁਮਨ ਦੂਬੇ ਦੇ ਨਾਂ ਵੀ ਮੁਲਜ਼ਮਾਂ ਵਜੋਂ ਸ਼ਾਮਲ ਕੀਤੇ ਗਏ ਹਨ। ਜਿਸਦੀ ਸੁਣਵਾਈ 25 ਅਪ੍ਰੈਲ ਨੂੰ ਦਿੱਲੀ ਦੀ ਰਾਊਸ ਐਵੇਨਿਊ ਕੋਰਟ ਵਿੱਚ ਹੋਵੇਗੀ। ਇਸ ਮਾਮਲੇ ਵਿੱਚ ਕਾਂਗਰਸ ਅੱਜ ਦੇਸ਼ ਭਰ ਵਿੱਚ ਈਡੀ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕਰੇਗੀ।
ਇਹ ਚਾਰਜਸ਼ੀਟ ਦਿੱਲੀ ਦੀ ਰਾਊਸ ਐਵੇਨਿਊ ਕੋਰਟ ਵਿੱਚ ਦਾਇਰ ਕੀਤੀ ਗਈ ਹੈ, ਜਿੱਥੇ ਇਸ ਮਾਮਲੇ ਦੀ ਸੁਣਵਾਈ 25 ਅਪ੍ਰੈਲ 2025 ਨੂੰ ਹੋਵੇਗੀ। ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਈਡੀ ਨੇ ਇਸ ਮਾਮਲੇ ਨਾਲ ਸਬੰਧਤ ਕੁਝ ਅਟੈਚ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਵੀ ਕੀਤੀ ਸੀ।
ਦਰਅਸਲ 'ਚ 2012 ਵਿੱਚ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ। ਹੇਠਲੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ,ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕੁਝ ਕਾਂਗਰਸੀ ਨੇਤਾਵਾਂ ਨੇ ਯੰਗ ਇੰਡੀਅਨ ਲਿਮਟਿਡ (YIL) ਰਾਹੀਂ ਐਸੋਸੀਏਟਿਡ ਜਰਨਲਜ਼ ਲਿਮਟਿਡ (AJL) ਨੂੰ ਗਲਤ ਢੰਗ ਨਾਲ ਹਾਸਲ ਕੀਤਾ ਹੈ। ਸੁਬਰਾਮਨੀਅਮ ਸਵਾਮੀ ਨੇ ਦੋਸ਼ ਲਗਾਇਆ ਸੀ ਕਿ ਦਿੱਲੀ ਦੇ ਬਹਾਦੁਰ ਸ਼ਾਹ ਜ਼ਫਰ ਮਾਰਗ 'ਤੇ ਸਥਿਤ 2000 ਕਰੋੜ ਰੁਪਏ ਦੀ ਹੇਰਾਲਡ ਹਾਊਸ ਇਮਾਰਤ 'ਤੇ ਕਬਜ਼ਾ ਕਰਨ ਲਈ ਸਭ ਕੁਝ ਕੀਤਾ ਗਿਆ ਸੀ।
ਚਾਰਜਸ਼ੀਟ ਵਿੱਚ ਮਨੀ ਲਾਂਡਰਿੰਗ ਦੀ ਪ੍ਰਕਿਰਿਆ, ਕਰਜ਼ਾ ਟ੍ਰਾਂਸਫਰ, ਜਾਇਦਾਦ ਨਿਯੰਤਰਣ ਅਤੇ ਇਸਦੇ ਪਿੱਛੇ ਦੇ ਉਦੇਸ਼ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਚਾਰਾਂ ਮੁਲਜ਼ਮਾਂ ਦੇ ਬਿਆਨ, ਦਸਤਾਵੇਜ਼ ਅਤੇ ਵਿੱਤੀ ਲੈਣ-ਦੇਣ ਦੇ ਰਿਕਾਰਡ ਚਾਰਜਸ਼ੀਟ ਦਾ ਹਿੱਸਾ ਹਨ।
ਕਾਂਗਰਸ ਦਾ ਤਿੱਖਾ ਜਵਾਬ - 'ਬਦਲੇ ਦੀ ਰਾਜਨੀਤੀ'
ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਅਤੇ ਕਿਹਾ ਕਿ ਇਹ ਚਾਰਜਸ਼ੀਟ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਕਾਂਗਰਸ ਲੀਡਰਸ਼ਿਪ ਵਿਰੁੱਧ ਬਦਲੇ ਦੀ ਰਾਜਨੀਤੀ ਅਤੇ ਡਰਾਉਣ-ਧਮਕਾਉਣ ਦਾ ਹਿੱਸਾ ਹੈ। ਇਹ ਕਾਰਵਾਈ ਭਾਜਪਾ ਦੇ ਰਾਜਨੀਤਿਕ ਡਰ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਾਨੂੰਨ ਦਾ ਸਤਿਕਾਰ ਕਰਦੀ ਹੈ ਪਰ ਅਜਿਹੀ ਇਕਪਾਸੜ ਏਜੰਸੀ ਕਾਰਵਾਈ ਲੋਕਤੰਤਰ ਲਈ ਖ਼ਤਰਨਾਕ ਹੈ।
ਕੀ ਹੈ ਨੈਸ਼ਨਲ ਹੈਰਾਲਡ ਮਾਮਲਾ?
ਇਹ ਮਾਮਲਾ ਯੰਗ ਇੰਡੀਅਨ ਲਿਮਟਿਡ ਨਾਮਕ ਕੰਪਨੀ ਰਾਹੀਂ ਨੈਸ਼ਨਲ ਹੈਰਾਲਡ ਅਖਬਾਰ ਦੀਆਂ ਜਾਇਦਾਦਾਂ ਦੇ ਕਥਿਤ ਗਲਤ ਐਕਵਾਇਰ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਹੈ।
- PTC NEWS