ਪੰਜਾਬ ਭਾਜਪਾ ਦੀ ਮੰਗ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਰਾਜਸਥਾਨ ਪ੍ਰਦੇਸ਼ ਭਾਜਪਾ ਨੇ ਸੰਦੀਪ ਦਾਇਮਾ ਨੂੰ ਕੱਢਿਆ ਪਾਰਟੀ ਵਿੱਚੋਂ ਬਾਹਰ
ਚੰਡੀਗੜ੍ਹ: ਸੰਦੀਪ ਦਾਇਮਾ ਵੱਲੋਂ ਰਾਜਸਥਾਨ ਵਿੱਚ ਇੱਕ ਰੈਲੀ ਵਿੱਚ ਦਿੱਤੇ ਗਏ ਨਫਰਤੀ ਭਾਸ਼ਣ ਤੇ ਪੰਜਾਬ ਭਾਜਪਾ ਦੀ ਸਖ਼ਤ ਕਾਰਵਾਈ ਦੀ ਮੰਗ ਨੂੰ ਮੰਨਦੇ ਹੋਏ ਰਾਜਸਥਾਨ ਪ੍ਰਦੇਸ਼ ਭਾਜਪਾ ਨੇ ਉਸਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ ਅੱਜ ਤੋਂ ਬਾਅਦ ਉਹ ਭਾਜਪਾ ਦਾ ਮੈਂਬਰ ਨਹੀਂ ਰਹੇ। ਪੰਜਾਬ ਭਾਜਪਾ ਨੇ ਉਸਦੇ ਬਿਆਨ ਦੀ ਪੁਰਜੋਰ ਨਿੰਦਾ ਕੀਤੀ ਸੀ ਭਾਜਪਾ, ਪੰਜਾਬ, ਪੰਜਾਬੀਆਂ ਅਤੇ ਖ਼ਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਨਾਲ ਖੜ੍ਹੀ ਹੈ ਤੇ ਹਮੇਸ਼ਾ ਖੜੀ ਰਹੇਗੀ। ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਉਕਤ ਦੋਸ਼ੀ ਖ਼ਿਲਾਫ਼ ਸ਼ਖਤ ਕਾਰਵਾਈ ਦੀ ਮੰਗ ਕਰਦਿਆਂ ਕਈ ਕਦਮ ਚੁੱਕੇ ਸਨ ।
ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਦਿੱਲੀ ਵਿਖੇ ਪਾਰਟੀ ਹਾਈਕਮਾਂਡ ਨੂੰ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਉਕਤ ਸੰਦੀਪ ਦਾਇਮਾ ਨਾਂ ਦੇ ਵਿਅਕਤੀ ਵਿਰੁੱਧ ਪੁਲਿਸ ਸਟੇਸ਼ਨ ਸੈਕਟਰ 39 ਚੰਡੀਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੀ ਹਦੂਦ ਅੰਦਰ ਪੰਜਾਬ ਭਾਜਪਾ ਦਾ ਮੁੱਖ ਦਫ਼ਤਰ ਆਉਂਦਾ ਹੈ। ਸ਼ਿਕਾਇਤ 'ਚ ਨਫ਼ਰਤੀ ਭਾਸ਼ਣ ਦਾ ਵੇਰਵਾ ਦਿੰਦੇ ਹੋਏ ਅਪੀਲ ਕੀਤੀ ਗਈ ਸੀ ਕਿ ਉਕਤ ਨਫ਼ਰਤ ਭਰੇ ਭਾਸ਼ਣ ਕਾਰਨ ਪੰਜਾਬ ‘ਚ ਅਸੁਰੱਖਿਆ ਦਾ ਮਾਹੌਲ ਪੈਦਾ ਹੋਇਆ ਹੈ ਅਤੇ ਵੱਡੇ ਪੱਧਰ ‘ਤੇ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਪੰਜਾਬ ਭਾਜਪਾ ਨੇ ਸੂਬੇ ਦੀ ਇੱਕ ਜ਼ਿੰਮੇਵਾਰ ਵਿਰੋਧੀ ਪਾਰਟੀ ਹੋਣ ਦੇ ਨਾਤੇ, ਲੋਕਾਂ ਦੀਆਂ ਭਾਵਨਾਵਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਲੋਕਤਾਂਤਰਿਕ ਵਿਵਸਥਾ ਵਿੱਚ ਇਸ ਸਥਿਤੀ ਨਾਲ ਨਜਿੱਠਣ ਲਈ ਯੋਗ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਵੀ ਇਸ ਮੁੱਦੇ 'ਤੇ ਰਾਜਸਥਾਨ ਸਰਕਾਰ ਨੂੰ ਨੋਟਿਸ ਭੇਜ ਕੇ ਪੂਰੇ ਮਾਮਲੇ ਦੀ ਜਾਂਚ ਉਪਰੰਤ ਰਿਪੋਰਟ ਦੇਣ ਲਈ ਤੇ ਕਾਰਵਾਈ ਕਰਨ ਦੇ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ ਅੱਗੇ ਦੀ ਕਾਰਵਾਈ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਕਰਨੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਉਕਤ ਵਿਅਕਤੀ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਸੀ। ਜਿਸ 'ਤੇ ਸੰਦੀਪ ਦਾਇਮਾ ਨੇ ਸਪੱਸ਼ਟ ਅਤੇ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ ਅਤੇ ਸਪੱਸ਼ਟ ਵੀ ਕੀਤਾ ਹੈ ਕਿ ਉਸ ਤੋ ਆਪਣੇ ਭਾਸ਼ਣ ਵਿੱਚ ਸਿੱਖ ਕੌਮ ਦਾ ਨਾਂ ਗਲਤੀ ਨਾਲ ਲਿਆ ਗਿਆ ਹੈ ਅਤੇ ਅਜਿਹਾ ਕਰਨਾ ਉਸ ਦਾ ਕਦੇ ਵੀ ਇਰਾਦਾ ਨਹੀਂ ਸੀ। ਉਸਨੇ ਸਿੱਖ ਭਾਈਚਾਰੇ ਲਈ ਆਪਣੇ ਅਥਾਹ ਸਤਿਕਾਰ ਨੂੰ ਵੀ ਦੁਹਰਾਇਆ ਹੈ।ਅੱਜ ਪੰਜਾਬ ਭਾਜਪਾ ਦੀ ਮੰਗ ਤੇ ਪਾਰਟੀ ਨੇ ਉਸ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਸਦੀ ਮੁਢਲੀ ਮੈਂਬਰਸ਼ਿਪ ਖਤਮ ਕਰ ਦਿੱਤੀ ਹੈ ਜਿਸ ਦਾ ਪੰਜਾਬ ਭਾਜਪਾ ਸਵਾਗਤ ਕਰਦੀ ਹੈ ਰਾਜਸਥਾਨ ਪ੍ਰਦੇਸ਼ ਭਾਜਪਾ ਦਾ ਧੰਨਵਾਦ ਵੀ ਕਰਦੀ ਹੈ ।
- PTC NEWS