Tarn Taran Beadbi Case : ਗੁਰਦੁਆਰਾ ਸਾਹਿਬ 'ਚ ਔਰਤ ਵੱਲੋਂ ਬੇਅਦਬੀ ਦੀ ਕੋਸ਼ਿਸ਼, ਸੇਵਾਦਾਰਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ
ਤਰਨ ਤਾਰਨ ਜ਼ਿਲ੍ਹੇ ਦੇ ਝਬਾਲ ਕਸਬੇ ਨੇੜੇ ਸਥਿਤ ਗੁਰਦੁਆਰਾ ਮਾਤਾ ਭਾਗ ਕੌਰ ਜੀ ਵਿੱਚ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪੂਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਮਹਿਲਾ ਮੱਥਾ ਟੇਕਣ ਦੇ ਬਹਾਨੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਈ। ਗੁਰਦੁਆਰਾ ਪ੍ਰਬੰਧਕਾਂ ਮੁਤਾਬਿਕ ਮਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਨੇੜੇ ਬਣੇ ਥੜੇ 'ਤੇ ਚੜ੍ਹ ਗਈ। ਉੱਥੇ ਮੌਜੂਦ ਸੇਵਾਦਾਰਾਂ ਨੇ ਤੁਰੰਤ ਸਾਵਧਾਨੀ ਦਿਖਾਉਂਦੇ ਹੋਏ ਉਸ ਨੂੰ ਰੋਕ ਲਿਆ ਅਤੇ ਹੇਠਾਂ ਉਤਾਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੇ ਅੱਗੇ ਰੱਖੇ ਸ਼ਸਤਰਾਂ ਵਿੱਚੋਂ ਇੱਕ ਕਿਰਪਾਨ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਪਰ ਡਿਊਟੀ 'ਤੇ ਮੌਜੂਦ ਸੇਵਾਦਾਰਾਂ ਨੇ ਸਮੇਂ ਸਿਰ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਮਹਿਲਾ ਬਾਹਰ ਨਿਕਲਣ ਲੱਗੀ ਪਰ ਸੰਗਤ ਅਤੇ ਸੇਵਾਦਾਰਾਂ ਨੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।
ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਸੁਖਬੀਰ ਸਿੰਘ ਅਤੇ ਥਾਣਾ ਝਬਾਲ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੇਅਦਬੀ ਨਾਲ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਪੰਜਾਬ ਦੀ ਰਹਿਣ ਵਾਲੀ ਲੱਗਦੀ ਹੈ ਅਤੇ ਉਸ ਦੀ ਮਾਨਸਿਕ ਹਾਲਤ ਆਮ ਨਹੀਂ ਜਾਪਦੀ। ਮਹਿਲਾ ਦਾ ਮੈਡੀਕਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸ ਦੀ ਪਛਾਣ ਅਤੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਵੀ ਪੁਲਿਸ ਜਾਂਚ ਕਰ ਰਹੀ ਹੈ।
ਫਿਲਹਾਲ ਪੁਲਿਸ ਮਾਮਲੇ ਦੇ ਹਰ ਪੱਖ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
- PTC NEWS