ਅਕਾਲੀ ਦਲ ਵੱਲੋਂ ਪੰਜਾਬੀ ਭਾਸ਼ਾ ਦੀਆਂ ਅਖਬਾਰਾਂ ਤੇ ਹੋਰ ਮੀਡੀਆ ਘਰਾਣਿਆਂ ਦੇ ਪੱਤਰਕਾਰਾਂ ਨੂੰ ਵਿਧਾਨ ਸਭਾ ’ਚ ਦਾਖਲ ਹੋਣ ਤੋਂ ਰੋਕਣ ’ਤੇ ਆਪ ਸਰਕਾਰ ਦੀ ਜ਼ੋਰਦਾਰ ਨਿਖੇਧੀ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬੀ ਭਾਸ਼ਾ ਦੀਆਂ ਅਖਬਾਰਾਂ ਅਤੇ ਹੋਰ ਮੀਡੀਆ ਘਰਾਣਿਆਂ ਦੇ ਪੱਤਰਕਾਰਾਂ ਨੂੰ ਵਿਧਾਨ ਸਭਾ ਵਿਚ ਦਾਖਲ ਹੋਣ ਤੋਂ ਰੋਕਣ ’ਤੇ ਆਮ ਆਦਮੀ ਪਾਰਟੀ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਤੋਂ ਆਪ ਦੇ ਪੰਜਾਬੀ ਦੀ ਰਖਵਾਲੀ ਹੋਣ ਦੇ ਖੋਖਲੇ ਦਾਅਵੇ ਬੇਨਕਾਬ ਹੋ ਗਏ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਅਜੀਤ, ਪੀ ਟੀ ਸੀ ਅਤੇ ਏ ਬੀ ਸੀ ਦੇ ਪੱਤਰਕਾਰਾਂ ਨੂੰ ਬਜਟ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ, ਉਸ ਤੋਂ ਸਾਰੇ ਉਸਾਰੂ ਸੋਚ ਵਾਲੇ ਲੋਕ ਹੈਰਾਨ ਹਨ। ਇਹਨਾਂ ਆਗੂਆਂ ਨੇ ਇਸ ਕਾਰਵਾਈ ਨੂੰ ਲੋਕਤੰਤਰ ਦੇ ਚੌਥੇ ਥੰਮ ’ਤੇ ਹਮਲਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਨਾ ਸਿਰਫ ਮਾੜਾ ਤੇ ਬੇਲੋੜਦਾ ਫੈਸਲਾ ਹੈ ਬਲਕਿ ਸਿਆਸੀ ਤੌਰ ’ਤੇ ਵੀ ਪ੍ਰੇਰਿਤ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਤੇ ਨਿੰਦਣਯੋਗ ਗੱਲ ਹੈ ਕਿ ਜੋ ਪਾਰਟੀ ਆਪਣੇ ਆਪ ਨੂੰ ਮਾਂ ਬੋਲੀ ਦੀ ਰਖਵਾਲੀ ਕਰਨ ਵਾਸਤੇ ਦੱਸਦੀ ਹੈ, ਉਸਨੇ ਅਜੀਤ ਪ੍ਰਕਾਸ਼ਨ ਸਮੂਹ ਦੇ ਸਟਾਫ ਨੂੰ ਵਿਧਾਨ ਸਭਾ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸੌੜੀ ਸੋਚ ਵਾਲੀ ਕਾਰਵਾਈ ਇਸ ਕਰ ਕੇ ਕੀਤੀ ਗਈ ਹੈ ਕਿਉਂਕਿ ਅਜੀਤ ਅਖਬਾਰ ਵੱਲੋਂ ਸਰਕਾਰ ਤੋਂ ਲੋਕਾਂ ਦੇ ਸਵਾਲ ਪੁੱਛੇ ਜਾ ਰਹੇ ਸਨ।
ਉਹਨਾਂ ਕਿਹਾ ਕਿ ਬਜਾਏ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਸਰਕਾਰ ਨੇ ਪ੍ਰੈਸ ਦੀ ਆਜ਼ਾਦੀ ’ਤੇ ਪਾਬੰਦੀ ਲਾਉਣ ਦਾ ਰਾਹ ਚੁਣਿਆ। ਸਰਦਾਰ ਮਜੀਠੀਆ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਜੀਤ ਅਖਬਾਰ ਅਤੇ ਇਸਦੇ ਸੰਪਾਦਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਨਾਲ ਡੱਟ ਕੇ ਖੜ੍ਹੇ ਹੋਣ।
- PTC NEWS