ਫ਼ਰੀਦਕੋਟ ਦੀ ਅਨਾਜ ਮੰਡੀ ਵਿੱਚ ਲਗਾਇਆ ਗਿਆ 'ਆਧੁਨਿਕ ਹੈਂਡਵਾਸ਼ ਪੁਆਇੰਟ'

By Panesar Harinder - April 15, 2020 3:04 pm

ਫ਼ਰੀਦਕੋਟ - ਵਿਰਾਸਤੀ ਸ਼ਹਿਰ ਫ਼ਰੀਦਕੋਟ ਵਿਖੇ ਜਿੱਥੇ ਮੰਡੀ ਬੋਰਡ ਪੰਜਾਬ ਵੱਲੋਂ ਕਣਕ ਦੀ ਖਰੀਦ ਨੂੰ ਲੈ ਪੁਖ਼ਤਾ ਪ੍ਰਬੰਧ ਕੀਤੇ ਜਾਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ, ਉੱਥੇ ਹੀ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਉੱਦਮ ਕਰਦੇ ਹੋਏ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮੰਡੀ ਵਿੱਚ ਆਉਣ ਵਾਲੇ ਹਰ ਵਿਅਕਤੀ ਦੇ ਹੱਥ ਧੋਣ ਲਈ ਨਵੀਂ ਤਕਨੀਕ ਦੇ ਹੈਂਡਵਾਸ਼ ਪੁਆਇੰਟ ਦੀ ਸਥਾਪਨਾ ਕੀਤੀ ਗਈ ਹੈ।

ਇਹ ਹੈਂਡਵਾਸ਼ ਪੁਆਇੰਟ ਆਮ ਟੂਟੀ ਨਾਲੋਂ ਵੱਖਰਾ ਹੈ ਜੋ ਪੈਰ ਨਾਲ ਦੱਬਣ 'ਤੇ ਚੱਲਦਾ ਹੈ। ਕੋਰੋਨਾ ਵਾਇਰਸ ਦੇ ਛੂਤ ਦਾ ਰੋਗ ਹੋਣ ਕਰਕੇ ਇਸ ਹੈਂਡਵਾਸ਼ ਪੁਆਇੰਟ ਨਾਲ ਹੱਥਾਂ ਨੂੰ ਵਾਇਰਸ ਲੱਗਣ ਦਾ ਖ਼ਤਰਾ ਘਟੇਗਾ ਅਤੇ ਮੰਡੀ ਵਿਚ ਆਉਣ ਵਾਲੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਹੋਰਨਾਂ ਦੀ ਸਿਹਤ ਦੇ ਬਚਾਅ ਵਿੱਚ ਵੱਡੀ ਸਹੂਲਤ ਰਹੇਗੀ।

ਮੰਡੀ ਵਿਖੇ ਆਏ ਐੱਸ.ਡੀ.ਐੱਮ. ਪਰਮਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਲੈ ਕੇ ਅਨਾਜ ਮੰਡੀਆਂ ਵਿੱਚ ਆਪੋ-ਆਪਣੇ ਕੰਮਾਂ ਵਾਸਤੇ ਆਉਣ ਵਾਲੇ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਤੇ ਡਰਾਈਵਰਾਂ ਆਦਿ ਦੀ ਸਿਹਤ ਦੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੰਡੀ ਵਿੱਚ ਆਉਣ ਵਾਲੇ ਹਰ ਸ਼ਖ਼ਸ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਲਈ ਸਰਕਾਰ ਦੇ ਪੱਖ ਤੋਂ ਕਿਸੇ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਫ਼ਰੀਦਕੋਟ ਦਾਣਾ ਮੰਡੀ ਵਿਖੇ ਆਉਣ ਵਾਲੇ ਸਾਰੇ ਲੋਕਾਂ ਲਈ ਸਿਹਤ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਸਿਹਤ ਵਿਭਾਗ ਪੰਜਾਬ ਵੱਲੋਂ ਕਿਸਾਨ, ਆੜ੍ਹਤੀਆ, ਮਜ਼ਦੂਰ ਸਭ ਦਾ ਸਰੀਰਕ ਤਾਪਮਾਨ ਚੈਕ ਹੋਵੇਗਾ, ਲੋੜੀਂਦੀ ਜਾਂਚ ਹੋਵੇਗੀ ਅਤੇ ਜਿਸ ਕਿਸੇ ਵਿੱਚ ਵੀ ਕਰੋਨਾ ਵਾਇਰਸ ਵਰਗੇ ਲੱਛਣ ਪਾਏ ਜਾਣਗੇ, ਉਸ ਦੀ ਵਿਸਥਾਰਤ ਜਾਂਚ ਸਿਵਲ ਹਸਪਤਾਲ ਵਿਖੇ ਕੀਤੇ ਜਾਣ ਤੋਂ ਬਾਅਦ ਹੀ ਉਸ ਨੂੰ ਮੰਡੀ ਵਿਚ ਜਾਣ ਦੀ ਆਗਿਆ ਮਿਲੇਗੀ। ਡਾਕਟਰ ਅਤੇ ਸਹਿਯੋਗੀਆਂ ਦੀ ਟੀਮ ਅੱਜ ਦਾਣਾ ਮੰਡੀ ਫ਼ਰੀਦਕੋਟ ਵਿਖੇ ਪਹੁੰਚੀ ਅਤੇ ਉਨ੍ਹਾਂ ਦੱਸਿਆ ਕਿ ਇਸ ਬਾਰੇ ਸਿਹਤ ਵਿਭਾਗ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸ ਜਾਂਚ ਦਾ ਸਾਰਾ ਰਿਕਾਰਡ ਸਿਹਤ ਵਿਭਾਗ ਦੀ ਜਾਣਕਾਰੀ ਵਿੱਚ ਹੋਵੇਗਾ।

adv-img
adv-img