ਰੋਡਵੇਜ਼ ਦੀ ਬੱਸ ਨੇ ਮਾਰੀ ਸਕੂਲ ਬੱਸ ਨੂੰ ਟੱਕਰ, 12 ਦੇ ਕਰੀਬ ਵਿਦਿਆਰਥੀ ਜ਼ਖਮੀ
ਜੀਂਦ, 27 ਮਈ: ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਬ੍ਰਾਹਮਣਵਾਸ ਵਿੱਚ ਸ਼ੁੱਕਰਵਾਰ ਨੂੰ ਸ਼ਨੀ ਮੰਦਰ ਨੇੜੇ ਰੋਡਵੇਜ਼ ਬੱਸ ਅਤੇ ਸਕੂਲ ਬੱਸ ਵਿਚਾਲੇ ਹੋਈ ਟੱਕਰ ਵਿੱਚ 12 ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਨਿਆਇਕ ਹਿਰਾਸਤ 'ਚ ਭੇਜਿਆ
ਜ਼ਖਮੀਆਂ ਨੂੰ ਸੀ.ਐੱਚ.ਸੀ ਜੁਲਾਣਾ ਵਿਖੇ ਦਾਖਲ ਕਰਵਾਇਆ ਗਿਆ ਹੈ। ਤਿੰਨ ਵਿਦਿਆਰਥੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੀਜੀਆਈ ਰੋਹਤਕ ਰੈਫ਼ਰ ਕਰ ਦਿੱਤਾ ਗਿਆ। ਥਾਣਾ ਜੁਲਾਨਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੰਸਕਾਰ ਇੰਟਰਨੈਸ਼ਨਲ ਸਕੂਲ ਬ੍ਰਾਹਮਣਵਾਸ ਦੀ ਬੱਸ ਸ਼ੁੱਕਰਵਾਰ ਦੁਪਹਿਰ ਵਿਦਿਆਰਥੀਆਂ ਨੂੰ ਸਕੂਲ ਤੋਂ ਉਨ੍ਹਾਂ ਦੀ ਮੰਜ਼ਿਲ ਵੱਲ ਲੈ ਕੇ ਜਾ ਰਹੀ ਸੀ। ਜਦੋਂ ਬੱਸ ਰੋਹਤਕ ਜੀਂਦ ਨੈਸ਼ਨਲ ਹਾਈਵੇਅ 'ਤੇ ਚੜ੍ਹ ਰਹੀ ਸੀ ਤਾਂ ਦਿੱਲੀ ਵਾਲੇ ਪਾਸੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨੇ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ।
ਜਿਸ 'ਚ ਬੱਸ ਵਿੱਚ ਸਵਾਰ ਇੱਕ ਦਰਜਨ ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋ ਗਏ। ਘਟਨਾ ਵੇਲੇ ਬੱਸ ਵਿੱਚ 50 ਦੇ ਕਰੀਬ ਵਿਦਿਆਰਥੀ ਸਵਾਰ ਸਨ। ਜ਼ਖਮੀ ਵਿਦਿਆਰਥੀਆਂ ਨੂੰ ਸੀ.ਐੱਚ.ਸੀ ਜੁਲਾਣਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Mumbai Cruise Drugs case: ਆਰੀਅਨ ਖਾਨ ਨੂੰ ਕਲੀਨ ਚਿੱਟ, NCB ਦੀ ਚਾਰਜਸ਼ੀਟ 'ਚ ਨਾਮ ਨਹੀਂ
ਹਾਸਿਲ ਜਾਣਕਾਰੀ ਮੁਤਾਬਿਕ ਜਦੋਂ ਸਕੂਲ ਬੱਸ ਹਾਈਵੇਅ 'ਤੇ ਚੜ੍ਹ ਰਹੀ ਸੀ ਤਾਂ ਸਕੂਲ ਬੱਸ ਡਰਾਈਵਰ ਨੂੰ ਰੋਡਵੇਜ਼ ਦੀ ਬੱਸ ਪਿੱਛਿਓਂ ਆਉਂਦੀ ਦਿਖਾਈ ਨਹੀਂ ਦਿੱਤੀ ਅਤੇ ਰੋਡਵੇਜ਼ ਬੱਸ ਦਾ ਡਰਾਈਵਰ ਵੀ ਸਪੀਡ 'ਤੇ ਕਾਬੂ ਨਹੀਂ ਰੱਖ ਸਕਿਆ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਰੋਡਵੇਜ਼ ਦੀ ਬੱਸ ਜੀਂਦ ਡਿਪੂ ਦੀ ਹੈ ਅਤੇ ਦਿੱਲੀ ਤੋਂ ਨਰਵਾਣਾ ਜਾ ਰਹੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
-PTC News