ਪੰਜਾਬ 'ਚ ਅੱਜ ਮਨਾਇਆ 'No Challan Day', ਜਾਣੋ ਕਿਉਂ
No Challan Day: ਪੰਜਾਬ 'ਚ ਅੱਜ 'ਨੋ ਚਲਾਨ ਦਿਵਸ' ਵਜੋਂ ਮਨਾਇਆ ਜਾ ਰਿਹਾ ਹੈ। ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 14 ਨਵੰਬਰ ਨੂੰ ਸਵੇਰੇ 10:30 ਵਜੇ ਬੀ.ਐਮ.ਸੀ. ਚੌਕ ਜਲੰਧਰ ਵਿਖੇ ਰੋਡ ਸੇਫਟੀ ਕੈਂਪੇਨ (ਨੋ ਚਲਾਨ ਡੇਅ) ਲਾਂਚ ਕੀਤਾ। ਕਿਤੇ ਵੀ ਪੁਲਿਸ ਜਾਂ ਟਰਾਂਸਪੋਰਟ ਵਿਭਾਗ ਲੋਕਾਂ ਦੇ ਚਲਾਨ ਨਹੀਂ ਕੱਟੇਗਾ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੇ ਮੌਕੇ 'ਤੇ ਇਹ ਪਹਿਲ ਕੀਤੀ ਗਈ ਹੈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਪੁਲਿਸ ਦੇ ਉੱਚ ਅਧਿਕਾਰੀ ਫੁੱਲਾਂ ਦੇ ਹਾਰ ਪਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰ ਰਹੇ ਹਨ। ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਲੋਕਾਂ ਦੇ ਚਲਾਨ ਨਹੀਂ ਕੱਟੇ ਜਾਣਗੇ। ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਜੇਕਰ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ ਤਾਂ ਸੜਕ ਹਾਦਸੇ ਖਤਮ ਹੋ ਜਾਣਗੇ।
ਉਨ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਜਾਂ ਘਟਾਇਆ ਜਾ ਸਕੇ। ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਚਿੰਤਾਜਨਕ ਮੌਤਾਂ ਹੋ ਰਹੀਆਂ ਹਨ। ਹਰ ਰੋਜ਼ ਔਸਤਨ 13 ਲੋਕ ਸੜਕ ਹਾਦਸਿਆਂ ਵਿੱਚ ਮਰਦੇ ਹਨ। ਇਹ ਖੁਲਾਸਾ ਪੰਜਾਬ ਰੋਡ ਐਕਸੀਡੈਂਟ ਐਂਡ ਟ੍ਰੈਫਿਕ ਰਿਸਰਚ ਰਿਪੋਰਟ ਤੋਂ ਹੋਇਆ ਹੈ।
-PTC News