Mon, May 20, 2024
Whatsapp

ਕਰੋੜਾਂ ਰੁਪਏ ਦਾ ਗਲਤ ਮੁਨਾਫਾ ਲੈਣ ਵਾਲੇ ਛੇ ਹੋਰ ਮੁਲਜ਼ਮ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

Written by  Jasmeet Singh -- May 23rd 2023 06:43 PM
ਕਰੋੜਾਂ ਰੁਪਏ ਦਾ ਗਲਤ ਮੁਨਾਫਾ ਲੈਣ ਵਾਲੇ ਛੇ ਹੋਰ ਮੁਲਜ਼ਮ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਕਰੋੜਾਂ ਰੁਪਏ ਦਾ ਗਲਤ ਮੁਨਾਫਾ ਲੈਣ ਵਾਲੇ ਛੇ ਹੋਰ ਮੁਲਜ਼ਮ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਬਾਕਰਪੁਰ ਵਿੱਚ ਅਮਰੂਦਾਂ ਦੇ ਦਰੱਖਤ ਲਾ ਕੇ ਗੈਰ-ਕਾਨੂੰਨੀ ਮੁਆਵਜ਼ਾ ਲੈਣ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ, ਜਿਨ੍ਹਾਂ ਵਿੱਚ ਤਿੰਨ ਪੁਰਸ਼ ਅਤੇ ਤਿੰਨ ਔਰਤਾਂ ਸ਼ਾਮਲ ਹਨ, ਨੇ ਉਕਤ ਪਿੰਡ ਵਿੱਚ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦੌਰਾਨ ਗੈਰ-ਕਾਨੂੰਨੀ ਤਰੀਕਿਆਂ ਨਾਲ ਸਰਕਾਰ ਤੋਂ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਸੀ। ਹੁਣ ਤੱਕ ਇਸ ਘੁਟਾਲੇ ਵਿੱਚ ਸ਼ਾਮਲ ਕੁੱਲ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਮੁਲਜ਼ਮ ਪੀਡੀ ਗੁਪਤਾ ਦੀ ਪਤਨੀ ਸੁਨੀਤਾ ਗੁਪਤਾ, ਉਸਦਾ ਪੁੱਤਰ ਗੌਰਵ ਕਾਂਸਲ, ਵਾਸੀ ਮਕਾਨ ਨੰ. 199, ਸੈਕਟਰ 18, ਚੰਡੀਗੜ੍ਹ, ਸਮੇਤ ਪਿੰਡ ਬਾਕਰਪੁਰ ਦੇ ਵਸਨੀਕ ਗੁਰਮਿੰਦਰ ਸਿੰਘ ਅਤੇ ਹਰਮਿੰਦਰ ਸਿੰਘ, ਉਨ੍ਹਾਂ ਦੀ ਮਾਤਾ ਸੁਖਰਾਜ ਕੌਰ ਤੋਂ ਇਲਾਵਾ ਦਲਜੀਤ ਸਿੰਘ ਦੀ ਵਿਧਵਾ ਅਮਰੀਕ ਕੌਰ ਸ਼ਾਮਲ ਹਨ।


ਉਨ੍ਹਾਂ ਅੱਗੇ ਦੱਸਿਆ ਕਿ ਉਕਤ ਗੈਰ-ਕਾਨੂੰਨੀ ਮੁਆਵਜ਼ਾ ਘੁਟਾਲੇ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਮਾਲ ਵਿਭਾਗ, ਭੂਮੀ ਗ੍ਰਹਿਣ ਕੁਲੈਕਟਰ, ਗਮਾਡਾ, ਸਬ-ਰਜਿਸਟਰਾਰ ਮੋਹਾਲੀ, ਬਾਗਬਾਨੀ ਵਿਭਾਗ ਆਦਿ ਤੋਂ ਬਹੁਤ ਸਾਰੇ ਦਸਤਾਵੇਜ਼ੀ ਰਿਕਾਰਡ ਪ੍ਰਾਪਤ ਕੀਤੇ ਹਨ ਅਤੇ ਕਥਿਤ ਲਾਭਪਾਤਰੀਆਂ ਦੀਆਂ ਕਾਰਵਾਈਆਂ ਅਤੇ ਉਨਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ ਜਿਸ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਲਾਭਪਾਤਰੀਆਂ ਨੇ ਵੱਖ-ਵੱਖ ਵਿਭਾਗਾਂ ਦੇ ਕੁਝ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਖੁਦ ਨੂੰ ਗਲਤ ਫਾਇਦਾ ਪਹੁੰਚਾਇਆ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਿੱਟੇ ਵਜੋਂ, ਇਸ ਮੁਕੱਦਮੇ ਵਿੱਚ ਬਹੁਤ ਸਾਰੇ ਲਾਭਪਾਤਰੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਉਪਰੰਤ ਮੰਗਲਵਾਰ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਦੇਖਿਆ ਗਿਆ ਕਿ ਪੀ.ਡੀ.ਗੁਪਤਾ, ਉਸ ਦੀ ਪਤਨੀ ਸੁਨੀਤਾ ਗੁਪਤਾ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਗੌਰਵ ਕਾਂਸਲ ਅਤੇ ਅਭਿਸ਼ੇਕ ਕਾਂਸਲ, ਵਾਸੀ ਮਕਾਨ ਨੰ. 199, ਸੈਕਟਰ 18, ਚੰਡੀਗੜ੍ਹ ਨੇ ਸਾਲ 2018 ਵਿੱਚ ਬਾਕਰਪੁਰ ਪਿੰਡ ਵਿੱਚ ਇੱਕ ਏਕੜ ਜ਼ਮੀਨ ਖਰੀਦੀ ਸੀ ਜਿਸ ਵਿੱਚ ਹਰੇਕ ਮੈਂਬਰ ਦਾ ਬਰਾਬਰ 1/4 ਹਿੱਸਾ ਸੀ। ਜਮੀਨ ਪ੍ਰਾਪਤੀ ਪ੍ਰਕਿਰਿਆ ਦੌਰਾਨ ਉਨ੍ਹਾਂ ਨੇ ਧੋਖੇ ਨਾਲ ਉਕਤ ਜ਼ਮੀਨ 'ਤੇ 2016 ਤੋਂ ਅਮਰੂਦ ਦਾ ਬਾਗ ਲਗਾਉਣ ਦਾ ਝੂਠਾ ਦਾਅਵਾ ਕਰਕੇ ਮੁਆਵਜ਼ਾ ਲੈਣ ਲਈ ਲਗਭਗ ਇਕ ਕਰੋੜ ਰੁਪਏ ਪ੍ਰਾਪਤ ਕੀਤੇ। ਜਿਸ ਕਰਕੇ ਇਸ ਮਾਮਲੇ 'ਚ ਉਪਰੋਕਤ ਪਰਿਵਾਰਕ ਮੈਂਬਰਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਅੱਜ ਗੌਰਵ ਕਾਂਸਲ ਅਤੇ ਉਸ ਦੀ ਮਾਤਾ ਸੁਨੀਤਾ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸੇ ਤਰ੍ਹਾਂ ਪਿੰਡ ਬਾਕਰਪੁਰ ਨਿਵਾਸੀ ਅਮਰ ਸਿੰਘ ਦੇ ਦੋਵੇਂ ਪੁੱਤਰ ਗੁਰਮਿੰਦਰ ਸਿੰਘ ਅਤੇ ਹਰਮਿੰਦਰ ਸਿੰਘ ਤੇ ਉਨਾਂ ਦੀ ਮਾਤਾ ਸੁਖਰਾਜ ਕੌਰ ਨੇ ਵੀ ਧੋਖਾਦੇਹੀ ਨਾਲ ਮਾਲ ਅਤੇ ਬਾਗਬਾਨੀ ਵਿਭਾਗਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਤਿੰਨਾ ਨੇ 1.84 ਕਰੋੜ ਰੁਪਏ ਪ੍ਰਤੀ ਮੈਂਬਰ ਮੁਆਵਜ਼ੇ ਦਾ ਦਾਅਵਾ ਹਾਸਲ ਕੀਤਾ। ਉਨ੍ਹਾਂ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਬਿਊਰੋ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਬਾਕਰਪੁਰ ਦੇ ਦਲਜੀਤ ਸਿੰਘ ਦੀ ਵਿਧਵਾ ਅਮਰੀਕ ਕੌਰ ਅਤੇ ਉਸ ਦੇ ਲੜਕੇ ਵਰਿੰਦਰ ਸਿੰਘ ਨੇ ਕਥਿਤ ਤੌਰ 'ਤੇ 1.25 ਲੱਖ ਰੁਪਏ ਪ੍ਰਤੀ ਮੈਂਬਰ ਗਲਤ ਮੁਆਵਜ਼ਾ ਲਿਆ ਹੈ। ਅਮਰੀਕ ਕੌਰ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ, ਵਿਜੀਲੈਂਸ ਬਿਊਰੋ ਦੀਆਂ ਵੱਖ-ਵੱਖ ਟੀਮਾਂ ਨੇ ਹੋਰ ਮੁਲਜ਼ਮਾਂ ਨੂੰ ਫੜਨ ਲਈ ਰਾਜ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਇਹ ਵਿਸ਼ੇਸ਼ ਆਪ੍ਰੇਸ਼ਨ ਅੱਗੋਂ ਵੀ ਜਾਰੀ ਰਹੇਗਾ।

ਹੋਰ ਖ਼ਬਰਾਂ ਪੜ੍ਹੋ: 

ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈਕੇ SGPC ਨੇ ਸਾਂਝੇ ਕੀਤੇ ਵੇਰਵੇ; ਵਿਰੋਧੀਆਂ ਦੇ ਦੂਰ ਕੀਤੇ ਭੁਲੇਖੇ 

2015 ਬਰਗਾੜੀ ਬੇਅਦਬੀ ਮਾਮਲੇ ਦਾ ਮੁੱਖ ਸਾਜਿਸ਼ਕਰਤਾ ਸੰਦੀਪ ਬਰੇਟਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

- PTC NEWS

Top News view more...

Latest News view more...

LIVE CHANNELS
LIVE CHANNELS