ਪਟਾਕਿਆਂ ਦੀ ਵਿਕਰੀ ਲਈ 44 ਲਾਇਸੈਂਸ ਜਾਰੀ
ਐਸਏਐਸ ਨਗਰ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ ਪਟਾਕਿਆਂ ਦੀ ਵਿਕਰੀ ਲਈ ਲੋਕਾਂ ਨੂੰ 44 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਅਮਿਤ ਤਲਵਾੜ ਵੱਲੋਂ ਗਠਿਤ ਕੀਤੀ ਗਈ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 'ਚ ਲਾਇਸੈਂਸ ਜਾਰੀ ਕਰਨ ਲਈ ਅੱਜ ਡਰਾਅ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ ਨਗਰ ਨਿਗਮ ਦਮਨਦੀਪ ਕੌਰ, ਐਸਡੀਐਮ ਐਸਏਐਸ ਨਗਰ ਸਰਬਜੀਤ ਕੌਰ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ, ਜ਼ਿਲ੍ਹਾ ਅਟਾਰਨੀ (ਪ੍ਰਸ਼ਾਸਨ) ਹਰਨਵਜੀਤ ਸਿੰਘ ਰੱਕੜ ਤੇ ਹੋਰ ਅਧਿਕਾਰੀ, ਕਰਮਚਾਰੀਆਂ ਅਤੇ ਆਮ ਪਬਲਿਕ ਦੀ ਹਾਜ਼ਰੀ ਵਿਚ ਵੀਡੀਓਗ੍ਰਾਫੀ ਰਾਹੀਂ ਕੱਢਿਆ ਗਿਆ।
ਪਾਰਦਰਸ਼ੀ ਤੇ ਨਿਰਪੱਖ ਪਹੁੰਚ ਅਪਣਾਉਂਦਿਆਂ ਡਰਾਅ ਕੱਢਣ ਦੀ ਪ੍ਰਕਿਰਿਆ ਆਮ ਜਨਤਾ ਦੀ ਹਾਜ਼ਰੀ 'ਚ ਨੇਪਰੇ ਚਾੜ੍ਹੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ ਅਤੇ ਪੰਜਾਬ ਸਰਕਾਰ ਇੰਡਸਟਰੀ ਅਤੇ ਕਮਰਸ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਸਾਲ 2016 'ਚ ਜਾਰੀ ਹੋਏ ਲਾਇਸੈਂਸਾਂ ਦੇ ਮੁਕਾਬਲੇ ਸਿਰਫ਼ 20 ਫੀਸਦੀ ਲਾਇਸੈਂਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਡਰਾਅ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਜ਼ਿਲ੍ਹੇ ਭਰ ਦੇ 44 ਲਾਇਸੈਂਸਾਂ ਲਈ ਕੁੱਲ 1440 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚੋਂ 1425 ਠੀਕ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁਹਾਲੀ ਅਤੇ ਬਨੂੰੜ ਵਿੱਚ ਪਟਾਖਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਵਾਸਤੇ 1086 ਅਰਜ਼ੀਆਂ ਮਿਲੀਆਂ, ਖਰੜ, ਕੁਰਾਲੀ ਅਤੇ ਨਯਾਗਰਾਓਂ 'ਚ ਪਟਾਕਿਆਂ ਦੀ ਵਿਕਰੀ ਲਈ 8 ਲਾਇਸੈਂਸਾਂ ਵਾਸਤੇ 33 ਅਰਜ਼ੀਆਂ ਮਿਲੀਆਂ ਜਦੋਂ ਕਿ ਡੇਰਾਬੱਸੀ , ਲਾਲੜੂ ਅਤੇ ਜ਼ੀਰਕਪੁਰ ਵਿਚ ਪਟਾਕਿਆਂ ਦੀ ਵਿਕਰੀ ਲਈ 18 ਲਾਇਸੈਂਸ ਵਾਸਤੇ 321 ਅਰਜ਼ੀਆਂ ਪ੍ਰਾਪਤ ਹੋਈਆਂ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਪਰਿਵਾਰਕ ਜ਼ਮੀਨ-ਜਾਇਦਾਦ ਦੀ ਵੰਡ ਹੋਈ ਆਸਾਨ, ਪੋਰਟਲ ਲਾਂਚ
ਜ਼ਿਲ੍ਹੇ 'ਚ ਪਟਾਕਿਆਂ ਦੀ ਵਿਕਰੀ ਨੂੰ ਸੁਚਾਰੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਅਮਿਤ ਤਲਵਾੜ ਨੇ ਕਿਹਾ ਕਿ ਜ਼ਿਲ੍ਹੇ 'ਚ ਪਟਾਕਿਆਂ ਦੀ ਵਿਕਰੀ ਲਈ ਸਿਰਫ਼ 12 ਥਾਵਾਂ ਨਿਰਧਾਰਤ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਕਿਤੇ ਵੀ ਹੋਰ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਨਿਸ਼ਿਚਤ ਸਮੇਂ ਤੇ ਮਿਤੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਖੇ ਚਲਾਉਣ ਅਤੇ ਬਿਨਾਂ ਲਾਇਸੈਂਸ ਤੋਂ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਪਟਾਕਿਆਂ ਦੇ ਵਪਾਰੀਆਂ ਨੂੰ ਸਥਾਈ ਲਾਇਸੈਂਸ ਜਾਰੀ ਕਰਨ ਤੋਂ ਰੋਕ ਲਾਈ ਹੋਈ ਹੈ। ਇਸ ਤੋਂ ਇਲਾਵਾ ਆਰਜ਼ੀ ਲਾਇਸੈਂਸ ਜਾਰੀ ਕਰਨ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 24 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਸ਼ਾਮ 8.00 ਵਜੇ ਤੋਂ 10.00 ਵਜੇ ਤੱਕ ਅਤੇ ਮਿਤੀ 8 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4.00 ਵਜੇ ਤੋਂ 5.00 ਵਜੇ ਤੱਕ ਅਤੇ ਸ਼ਾਮ ਨੂੰ 09.00 ਵਜੇ ਤੋਂ 10.00 ਵਜੇ ਤੱਕ ਨਿਰਧਾਰਤ ਆਵਾਜ਼ ਅੰਦਰ ਹੀ ਫਾਇਰ ਕਰੈਕਰਜ਼/ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ।
-PTC News