ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਵਾਲੇ ਨੌਜਵਾਨ ਨੇ ਗਰਭਵਤੀ ਪ੍ਰੇਮਿਕਾ ਨੂੰ ਲਾਈ ਅੱਗ, ਨਵਜਾਤ ਦੀ ਮੌਤ

By Riya Bawa - August 31, 2021 2:08 pm

ਸੋਨੀਪਤ: ਸੋਨੀਪਤ ਦੇ ਕੁੰਡਲੀ ਥਾਣਾ ਖੇਤਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੜਕੀ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਲੜਕੀ ਉੱਤੇ ਪੈਟਰੋਲ ਪਾ ਕੇ ਉਸਨੂੰ ਅੱਗ ਲਗਾ ਦਿੱਤੀ, ਜਿਸ ਵਿੱਚ ਲੜਕੀ ਗੰਭੀਰ ਰੂਪ ਵਿੱਚ ਸੜ ਗਈ। ਪਰਿਵਾਰ ਲੜਕੀ ਨੂੰ ਦਿੱਲੀ ਦੇ ਹਸਪਤਾਲ ਲੈ ਗਿਆ। ਸੋਨੀਪਤ ਪੁਲਿਸ ਨੇ ਦਿੱਲੀ ਪਹੁੰਚ ਕੇ ਲੜਕੀ ਦੇ ਬਿਆਨ 'ਤੇ ਨੌਜਵਾਨ ਅਤੇ ਉਸਦੀ ਮਾਂ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਸੋਨੀਪਤ ਦੇ ਕੁੰਡਲੀ ਥਾਣਾ ਖੇਤਰ ਵਿੱਚ ਰਹਿਣ ਵਾਲੀ ਪ੍ਰਗਤੀ ਅਤੇ ਰਾਹੁਲ ਲੰਮੇ ਸਮੇਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ ਅਤੇ ਪ੍ਰਗਤੀ ਕਈ ਮਹੀਨਿਆਂ ਤੋਂ ਗਰਭਵਤੀ ਹੈ, ਪਰ ਦੇਰ ਰਾਤ ਉਨ੍ਹਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਕਰਕੇ ਰਾਹੁਲ ਨੇ ਪ੍ਰਗਤੀ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ। ਇਸ ਹਾਦਸੇ 'ਚ ਪ੍ਰੇਮਿਕਾ 90 ਫੀਸਦੀ ਸੜ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਨਾਰਮਲ ਡਿਲਿਵਰੀ ਦੇ ਕੁਝ ਮਿੰਟਾਂ ਬਾਅਦ ਹੀ ਬੱਚੇ ਦੀ ਮੌਤ ਹੋ ਗਈ। ਪੁਲਸ ਬੱਚੇ ਦੀ ਮੌਤ ਦੇ ਮਾਮਲੇ 'ਚ ਵੱਖ ਤੋਂ ਧਾਰਾ ਜੋੜ ਕੇ ਮੁਕੱਦਮਾ ਦਰਜ ਕਰੇਗੀ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕੁੰਡਲੀ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਨਰੇਲਾ, ਦਿੱਲੀ ਸਥਿਤ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇੱਕ ਮੁਟਿਆਰ ਨੂੰ ਸੜੀ ਹੋਈ ਹਾਲਤ ਵਿੱਚ ਇੱਥੇ ਲਿਆਂਦਾ ਗਿਆ ਹੈ, ਮੌਕੇ ਤੇ ਪਹੁੰਚ ਕੇ ਇਹ ਪਾਇਆ ਗਿਆ ਜਦੋਂ ਇੱਕ ਨੌਜਵਾਨ ਰਾਹੁਲ ਅਤੇ ਲੜਕੀ ਪ੍ਰਗਤੀ ਇਲਾਕੇ ਵਿੱਚ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੇ ਸਨ ਤਾਂ ਰਾਹੁਲ ਨੇ ਪੈਟਰੋਲ ਪਾ ਕੇ ਪ੍ਰਗਤੀ ਨੂੰ ਸਾੜ ਦਿੱਤਾ। ਲੜਕੀ ਦੇ ਬਿਆਨਾਂ 'ਤੇ ਨੌਜਵਾਨ ਰਾਹੁਲ ਅਤੇ ਉਸਦੀ ਮਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।

ਹਸਪਤਾਲ 'ਚ ਦਾਖ਼ਲ ਪ੍ਰਗਤੀ ਨੇ ਦੱਸਿਆ ਕਿ ਉਹ 2 ਸਾਲਾਂ ਤੋਂ ਰਾਹੁਲ ਨਾਲ ਰਹਿ ਰਹੀ ਸੀ। ਉਹ 8 ਮਹੀਨਿਆਂ ਦੀ ਗਰਭਵਤੀ ਸੀ। ਕਈ ਦਿਨਾਂ ਤੋਂ ਰਾਹੁਲ ਅਤੇ ਉਸ ਦੀ ਮਾਂ ਉਸ ਨੂੰ ਤੰਗ ਕਰ ਰਹੇ ਹਨ। ਰਾਹੁਲ ਦੀ ਮਾਂ ਕਹਿੰਦੀ ਸੀ ਕਿ ਉਹ ਉਸ ਦੇ ਬੱਚੇ ਨੂੰ ਮਰਵਾ ਦੇਵੇਗੀ। ਦੇਰ ਰਾਤ 1 ਵਜੇ ਜਦੋਂ ਉਹ ਕਮਰੇ 'ਚ ਸੀ ਤਾਂ ਰਾਹੁਲ ਨੇ ਉਸ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ। ਪ੍ਰਗਤੀ ਦਾ ਦੋਸ਼ ਹੈ ਕਿ ਰਾਹੁਲ ਨੇ ਆਪਣੀ ਮਾਂ ਦੇ ਕਹਿਣ 'ਤੇ ਅੱਗ ਲਗਾਈ ਸੀ। ਉੱਥੇ ਹੀ ਪੁਲਸ ਦੇ ਸਾਹਮਣੇ ਰਾਹੁਲ ਨੇ ਬਿਆਨ ਦਿੱਤਾ ਕਿ ਉਸ ਦੀ ਮਾਂ ਅਤੇ ਉਸ 'ਤੇ ਲਗਾਏ ਗਏ ਦੋਸ਼ ਝੂਠੇ ਹਨ। ਪ੍ਰਗਤੀ ਨੇ ਖ਼ੁਦ ਖ਼ੁਦਕੁਸ਼ੀ ਕੀਤੀ ਸੀ।

-PTC News

adv-img
adv-img