Tue, May 20, 2025
Whatsapp

61 ਸਾਲਾਂ ਵਿੱਚ PAU ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਦੀ ਦੁਰਵਰਤੋਂ ਸਿਆਸੀ ਬਹਿਸ ਲਈ ਕੀਤੀ ਗਈ: ਬਿਕਰਮ ਸਿੰਘ ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੰਸਦ ਦੇ ਐਕਟ ਮੁਤਾਬਕ ਇਕ ਖੁਦਖ਼ਤਿਆਰ ਯੂਨੀਵਰਸਿਟੀ ਹੈ।

Reported by:  PTC News Desk  Edited by:  Amritpal Singh -- November 03rd 2023 04:52 PM
61 ਸਾਲਾਂ ਵਿੱਚ PAU ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਦੀ ਦੁਰਵਰਤੋਂ ਸਿਆਸੀ ਬਹਿਸ ਲਈ ਕੀਤੀ ਗਈ: ਬਿਕਰਮ ਸਿੰਘ ਮਜੀਠੀਆ

61 ਸਾਲਾਂ ਵਿੱਚ PAU ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਦੀ ਦੁਰਵਰਤੋਂ ਸਿਆਸੀ ਬਹਿਸ ਲਈ ਕੀਤੀ ਗਈ: ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਦੁਰਵਰਤੋਂ ਸਿਆਸੀ ਮੰਤਵਾਂ ਵਾਸਤੇ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਖੇਧੀ ਕਰਨ, ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਵਾਲ ਤੋਂ ਜਵਾਬ ਤਲਬੀ ਕੀਤੀ ਜਾਵੇ ਅਤੇ ਡੀਨ ਸਟੂਡੈਂਟਸ ਵੈਲਫੇਅਰ ਡਾ. ਨਿਰਮਲ ਜੋੜਾ ਵੱਲੋਂ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਕਰਨ ’ਤੇ ਉਹਨਾਂ ਨੂੰ ਬਰਖ਼ਾਸਤ ਕੀਤਾ ਜਾਵੇ।

ਰਾਜਪਾਲ ਨੂੰ ਲਿਖੇ ਇਕ ਪੱਤਰ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੰਸਦ ਦੇ ਐਕਟ ਮੁਤਾਬਕ ਇਕ ਖੁਦਖ਼ਤਿਆਰ ਯੂਨੀਵਰਸਿਟੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਰਾਜਪਾਲ ਇਸ ਦੇ ਚਾਂਸਲਰ ਦੇ ਨਾਲ ਨਾਲ ਬੋਰਡ ਆਫ ਮੈਨੇਜਮੈਂਟ ਦੇ ਮੁਖੀ ਹਨ, ਨੂੰ ਤੁਰੰਤ ਦਰੁੱਸਤੀ ਭਰੇ ਕਦਮ ਚੁੱਕਣੇ ਚਾਹੀਦੇ ਹਨ ਤੇ ਪੰਜਾਬ ਨੂੰ ਭਰੋਸਾ ਦੁਆਉਣਾ ਚਾਹੀਦਾ ਹੈ ਕਿ ਇਸ ਪਵਿੱਤਰ ਯੂਨੀਵਰਸਿਟੀ ਦੀ ਵਰਤੋਂ ਸਿਰਫ ਖੇਤੀਬਾੜੀ ਖੇਤਰ ਵਿਚ ਅਕਾਦਮਿਕ ਖੋਜ ਵਾਸਤੇ ਹੋਵੇਗੀ ਅਤੇ ਇਸਦੇ ਅੰਦਰੂਨੀ ਮਾਮਲਿਆਂ ਵਿਚ ਸਿਆਸੀ ਦਖਲ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਉਹਨਾਂ ਕਿਹਾ ਕਿ ਇਸ ਲਈ ਪੀ ਏ ਯੂ ਕੈਂਪਸ ਨੁੰ ਸਿਆਸੀ ਮੰਤਵਾਂ ਵਾਸਤੇ ਵਰਤਣ ਲਈ ਮੁੱਖ ਮੰਤਰੀ ਦੀ ਨਿਖੇਧੀ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਸਲਾਹ ਦੇਣੀ ਚਾਹੀਦੀ ਹੈ ਕਿ ਭਵਿੱਖ ਵਿਚ ਉਹ ਅਜਿਹਾ ਨਾ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਸਲਾਹ ਦੇਣੀ ਚਾਹੀਦੀ ਹੈ ਕਿ ਉਹ ਸਰਕਾਰੀ ਫੰਡਾਂ ਦੀ ਦੁਰਵਰਤੋਂ ਨਾ ਕਰਨ ਕਿਉਂਕਿ ਇਸ ਇਕੱਠੇ ਪ੍ਰੋਗਰਾਮ ’ਤੇ 30 ਕਰੋੜ ਰੁਪਏ ਬਰਬਾਦ ਕਰ ਦਿੱਤੇ ਗਏ।

ਉਹਨਾਂ ਕਿਹਾ ਕਿ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਦੀ ਜਵਾਬ ਤਲਬੀ ਕੀਤੀ ਜਾਦੀ ਚਾਹੀਦੀ ਹੈ ਤੇ ਉਹਨਾਂ ਨੂੰ ਪ੍ਰੋਗਰਾਮ ਦੀ ਆਗਿਆ ਦੇਣ ਵਾਸਤੇ ਝਾੜ ਪਾਉਣੀ ਚਾਹੀਦੀ ਹੈ। ਡੀਨ ਸਟੂਡੈਂਟ ਵੈਲਫੇਅਰ ਡਾ. ਨਿਰਮਲ ਜੋੜਾ ਨੂੰ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ ਲਈ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।

ਮਜੀਠੀਆ ਨੇ ਕਿਹਾ ਕਿ ਸਪਸ਼ਟ ਹੈ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਨੂੰ ਯੂਨੀਵਰਸਿਟੀ ਦਾ ਆਡੀਟੋਰੀਅਮ ਇਕ ਸਿਆਸੀ ਪ੍ਰੋਗਰਾਮ ਵਾਸਤੇ ਵਰਤਣ ਦੀ ਆਗਿਆ ਦੇ ਕੇ ਗਲਤ ਪਿਰਤ ਪਾਈ ਹੈ।ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵਿਚ ਇਸ ਸਿਆਸੀ ਪ੍ਰੋਗਰਾਮ ਵਾਸਤੇ ਪ੍ਰਵਾਨਗੀ ਦੇ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਵਾਈਸ ਚਾਂਸਲਰ ਪਿਛਲੇ ਮਹੀਨੇ ਤੋਂ ਹੀ ਜਾਣਦੇ ਸਨ ਕਿ ਇਸ ਕੈ਼ਪ ਵਿਚ ਸਿਆਸੀ ਬਹਿਸ ਹੋਣ ਵਾਲੀ ਹੈ ਕਿਉਂਕਿ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਆਪ ਬਿਆਨ ਦਿੱਤਾ ਸੀ। ਵਾਈਸ ਚਾਂਸਲਰ ਇਹ ਵੀ ਜਾਣਦੇ ਸਨ ਕਿ ਬਹਿਸ ਪੂਰੀ ਤਰ੍ਹਾਂ ਸਿਆਸੀ ਹੋਵੇਗੀ ਅਤੇ ਵਿਰੋਧੀ ਧਿਰ ਇਸ ਵਿਚ ਸ਼ਾਮਲ ਨਹੀਂ ਹੋਵੇਗੀ ਕਿਉਂਕਿ ਸਤਲੁਜ ਯਮੁਨਾ ਲਿੰਕ ਨਹਿਰ ਜਾਂ ਸੂਬੇ ਨੂੰ ਦਰਪੇਸ਼ ਹੋਰ ਮੁੱਦਿਆਂ ’ਤੇ ਚਰਚਾ ਵਾਸਤੇ ਕੋਈ ਰੂਪ ਰੇਖਾ ਤੈਅ ਨਹੀਂ ਕੀਤੀ ਗਈ। ਡਾ. ਸਤਬੀਰ ਗੋਸਲ ਇਹ ਵੀ ਜਾਣਦੇ ਸਨ ਕਿ ਵਿਰੋਧੀ ਧਿਰ ਬਹਿਸ ਵਿਚ ਸ਼ਾਮਲ ਨਹੀਂ ਹੋਵੇਗੀ ਤਾਂ ਇਹ ਬਹਿਸ ਸਿਰਫ ਆਪ ਦੇ ਪ੍ਰੋਪੇਗੰਡਾ ਦਾ ਪ੍ਰੋਗਰਾਮ ਬਣ ਕੇ ਰਹਿ ਜਾਵੇਗੀ। ਫਿਰ ਵੀ ਉਹਨਾਂ ਨੇ ਇਸ ਵਾਸਤੇ ਪ੍ਰਵਾਨਗੀ ਵਾਪਸ ਨਹੀਂ ਲਈ ਤੇ ਉਲਟਾ ਪ੍ਰੋਗਰਾਮ ਦੌਰਾਨ ਸਟੇਜ ’ਤੇ ਮੁੱਖ ਮੰਤਰੀ ਦਾ ਸਵਾਗਤ ਕੀਤਾ।

ਅਕਾਲੀ ਆਗੂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਪੀ ਏ ਯੂ ਅਧਿਕਾਰੀਆਂ ਨੇ ਨਾ ਸਿਰਫ ਆਪ ਦੇ ਪ੍ਰੋਗਰਾਮ ਲਈ ਪ੍ਰਵਾਨਗੀ ਦਿੱਤੀ ਬਲਕਿ ਡੀਨ ਸਟੂਡੈਂਟ ਵੈਲਫੇਅਰ ਡਾ. ਨਿਰਮਲ ਜੋੜਾ ਨੂੰ ਮੰਚ ਸੰਚਾਲਨ ਦੀ ਪ੍ਰਵਾਨਗੀ ਵੀ ਦਿੱਤੀ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਕਿਸੇ ਅਧਿਕਾਰੀ ਨੂੰ ਇਸ ਪ੍ਰੋਗਰਾਮ ਲਈ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦੇਣੀ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਡਾ. ਜੋੜਾ ਦੀ ਮੁੱਖ ਮੰਤਰੀ ਨਾਲ ਨੇੜਤਾ ਜੱਗ ਜ਼ਾਹਰ ਹੈ ਕਿਉਂਕਿ ਦੋਵਾਂ ਨੇ ਬੀਤੇ ਸਮੇਂ ਵਿਚ ਇਕੱਠਿਆਂ ਪ੍ਰੋਗਰਾਮ ਕੀਤੇ ਹਨ।

ਮਜੀਠੀਆ ਨੇ ਕਿਹਾ ਕਿ ਯੂਨੀਵਰਸਿਟੀ ਦੇ ਇਤਿਹਾਸ ਵਿਚ 61 ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੀ ਏ ਯੂ ਦੀ ਦੁਰਵਰਤੋਂ ਸਿਆਸੀ ਬਹਿਸ ਵਾਸਤੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਕਦੇ ਵੀ ਆਪਣੇ ਕੈਂਪਸ ’ਤੇ ਸਿਆਸੀ ਪ੍ਰੋਗਰਾਮ ਕਰਨ ਦੀ ਆਗਿਆ ਨਹੀਂ ਦਿੱਤੀ। ਕਈ ਸਾਬਕਾ ਵਾਈਸ ਚਾਂਸਲਰਾਂ ਨੇ ਆਪ ਦੱਸਿਆ ਹੈ ਕਿ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨੂੰ ਵੀ ਸਿਆਸੀ ਪ੍ਰੋਗਰਾਮਾਂ ਦੀ ਆਗਿਆ ਦੇਣ ਲਈ ਨਾਂਹ ਕੀਤੀ ਹੈ।

ਮਜੀਠੀਆ ਨੇ ਕਿਹਾ ਕਿ ਇਹ ਪ੍ਰੋਗਰਾਮ ਸਿਰਫ ਤੇ ਸਿਰਫ ਆਪ ਦਾ ਸ਼ੋਅ ਸੀ ਜਿਸ ਵਿਚ ਮੁੱਖ ਮੰਤਰੀ ਨੇ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਕੂੜ ਪ੍ਰਚਾਰ ’ਤੇ ਹੀ ਸਾਰਾ ਜ਼ੋਰ ਲਗਾ ਦਿੱਤਾ। ਖੇਤੀਬਾੜੀ ਖੋਜ, ਖੇਤੀਬਾੜੀ ਨੀਤੀਆਂ ਜਾਂ ਕਿਸਾਨ ਖੁਦਕੁਸ਼ੀਆਂ ਸਮੇਤ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਕੋਈ ਚਰਚਾ ਨਹੀਂ ਕੀਤੀ ਗਈ। ਨਾ ਕਿਸੇ ਖੇਤੀਬਾੜੀ ਜਾਂ ਆਰਥਿਕ ਮਾਹਿਰ ਨੂੰ ਸੱਦਾ ਦਿੱਤਾ ਗਿਆ ਤੇ ਜਾਣ ਬੁੱਝ ਕੇ ਪ੍ਰੋਗਰਾਮ ਨੂੰ ਇਕ ਨੁਕਾਤੀ ਰੱਖਿਆ ਗਿਆ। ਉਹਨਾਂ ਕਿਹਾ ਕਿ ਸਰੋਤਿਆਂ ਵਿਚ ਵੀ ਸਿਰਫ ਆਮ ਆਦਮੀ ਪਾਰਟੀ ਦੇ ਸਮਰਥਕ ਮੌਜੂਦ ਸਨ ਕਿਉਂਕਿ ਹਰ ਆਪ ਵਿਧਾਇਕ ਨੂੰ 30-30 ਪਾਸ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਸਭਿਅਕ ਸਮਾਜ ਨੂੰ ਵੀ ਬਾਹਰ ਰੱਖਿਆ ਗਿਆ ਤੇ ਪੰਜਾਬ ਪੁਲਿਸ ਨੇ ਐਮਰਜੰਸੀ ਵਰਗੇ ਹਾਲਾਤ ਬਣਾ ਕੇ ਰੱਖੇ ਤੇ ਕਿਸਾਨ ਜਥੇਬੰਦੀਆਂ, ਯੂਨੀਅਨਾਂ ਤੇ ਸਮਾਜ ਸੇਵਕਾਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤੇ ਬਹਿਸ ਵਿਚ ਸ਼ਾਮਲ ਹੋਣ ਲਈ ਯੂਨੀਵਰਸਿਟੀ ਪਹੁੰਚਣ ਤੋਂ ਰੋਕਿਆ ਗਿਆ।

- PTC NEWS

Top News view more...

Latest News view more...

PTC NETWORK