ਸਪਨਾ ਚੌਧਰੀ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, 4 ਸਾਲ ਪਹਿਲਾਂ ਦਰਜ ਹੋਇਆ ਸੀ ਮਾਮਲਾ
Sapna Choudhary Case: ਲਖਨਊ ਦੀ SCJM ਅਦਾਲਤ ਨੇ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਦੇ ਪੈਸੇ ਨਾ ਮੋੜਨ ਦੇ 4 ਸਾਲ ਪੁਰਾਣੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਜਾਰੀ ਕੀਤਾ ਗਿਆ ਹੈ। 10 ਮਈ ਨੂੰ ਸਪਨਾ ਨੇ ਇਸ ਮਾਮਲੇ 'ਚ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਅੰਤਰਿਮ ਜ਼ਮਾਨਤ ਲੈ ਲਈ ਸੀ। 8 ਜੂਨ ਨੂੰ ਸਪਨਾ ਦੀ ਨਿਯਮਤ ਜ਼ਮਾਨਤ ਵੀ ਸ਼ਰਤ ਦੇ ਨਾਲ ਮਨਜ਼ੂਰ ਹੋ ਗਈ ਸੀ। ਸੋਮਵਾਰ ਨੂੰ ਇਸ ਮਾਮਲੇ 'ਚ ਸੁਣਵਾਈ ਸੀ ਪਰ ਸਪਨਾ ਅਦਾਲਤ 'ਚ ਮੌਜੂਦ ਨਹੀਂ ਸੀ। ਇਸ 'ਤੇ ਅਦਾਲਤ ਨੇ ਉਸ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਪਨਾ ਚੌਧਰੀ ਵੱਲੋਂ ਅਦਾਲਤ ਵਿੱਚ ਮੁਆਫ਼ੀ ਦੀ ਅਰਜ਼ੀ ਵੀ ਨਹੀਂ ਦਿੱਤੀ ਗਈ ਸੀ, ਜਦਕਿ ਹੋਰ ਮੁਲਜ਼ਮਾਂ ਵੱਲੋਂ ਮੁਆਫ਼ੀ ਦੀ ਅਰਜ਼ੀ ਦਿੱਤੀ ਗਈ ਸੀ। ਦੱਸ ਦਈਏ ਕਿ 1 ਮਈ 2019 ਨੂੰ ਸਪਨਾ ਚੌਧਰੀ 'ਤੇ ਵਿਸ਼ਵਾਸ ਤੋੜਨ ਅਤੇ ਧੋਖਾਧੜੀ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ 20 ਜਨਵਰੀ 2019 ਨੂੰ ਆਯੋਜਕਾਂ ਜੁਨੈਦ ਅਹਿਮਦ, ਇਵਾਦ ਅਲੀ, ਰਤਨਾਕਰ ਉਪਾਧਿਆਏ ਅਤੇ ਅਮਿਤ ਪਾਂਡੇ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਇਹ ਵੀ ਪੜ੍ਹੋ:ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
13 ਅਕਤੂਬਰ, 2019 ਨੂੰ, ਸਮ੍ਰਿਤੀ ਉਪਵਨ, ਲਖਨਊ ਵਿੱਚ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਸਪਨਾ ਦਾ ਪ੍ਰੋਗਰਾਮ ਸੀ। ਪ੍ਰੋਗਰਾਮ ਵਿੱਚ ਦਾਖ਼ਲੇ ਲਈ ਟਿਕਟਾਂ ਔਨਲਾਈਨ ਅਤੇ ਔਫਲਾਈਨ 300 ਰੁਪਏ ਪ੍ਰਤੀ ਵਿਅਕਤੀ ਵਿੱਚ ਵੇਚੀਆਂ ਗਈਆਂ ਸਨ। ਇਸ ਪ੍ਰੋਗਰਾਮ ਨੂੰ ਦੇਖਣ ਲਈ ਹਜ਼ਾਰਾਂ ਲੋਕਾਂ ਨੇ ਟਿਕਟਾਂ ਖਰੀਦੀਆਂ ਪਰ ਸਪਨਾ ਚੌਧਰੀ ਰਾਤ 10 ਵਜੇ ਤੱਕ ਨਹੀਂ ਆਈ। ਜਦੋਂ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ ਤਾਂ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਪਰ ਪ੍ਰਬੰਧਕਾਂ ਨੇ ਟਿਕਟ ਧਾਰਕਾਂ ਦੇ ਪੈਸੇ ਵਾਪਸ ਨਹੀਂ ਕੀਤੇ। ਇਸ ਮਾਮਲੇ ਦੀ ਰਿਪੋਰਟ 14 ਅਕਤੂਬਰ 2018 ਨੂੰ ਆਸ਼ਿਆਨਾ ਥਾਣੇ ਵਿੱਚ ਦਰਜ ਕਰਵਾਈ ਗਈ ਸੀ।
-PTC News