ਸ੍ਰੀ ਗੁਰੂ ਰਾਮਦਾਸ ਜੀ - ਸਿੱਖੀ ਤੇ ਸੇਵਕੀ
ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨ ਗਾਥਾ 'ਪੂਰੀ ਹੋਈ ਕਰਾਮਾਤਿ' ਦਾ ਜਾਗਦਾ ਵਟਾਂਦਰਾ ਹੈ। ਸੋਢੀ ਸੁਲਤਾਨ, ਅਬਿਨਾਸੀ ਪੁਰਖ, ਪੁਰਖ ਪ੍ਰਵਾਨ, ਮਿਹਰਵਾਨ ਆਦਿ ਅਨੇਕ ਸ਼ਬਦਾਂ ਨਾਲ ਸਤਿਕਾਰੇ ਜਾਣ ਵਾਲੇ ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਖ਼ਸੀਅਤ ਸਿੱਖੀ ਅਤੇ ਸੇਵਕੀ ਦਾ ਪ੍ਰਤੱਖ ਪ੍ਰਮਾਣ ਹੈ। ਜਦੋਂ ਇਸ ਗੱਲ ਦਾ ਅੰਦਾਜ਼ਾ ਲਗਾਈਏ ਕਿ ਜਿਸ ਬਾਲਕ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਥ ਉੱਠ ਗਿਆ ਹੋਵੇ, ਨਿੱਕੇ ਭੈਣ ਭਰਾਵਾਂ ਦੇ ਪੋਸਣ ਦੀ ਜਿੰਮੇਵਾਰੀ ਵੀ ਸਿਰ ਆਣ ਪੈ ਗਈ ਹੋਵੇ, ਲਾਹੌਰ ਵਿੱਚ ਨਾਨੀ ਤੋਂ ਬਿਨਾਂ ਹੋਰ ਕੋਈ ਪੁੱਛਣ ਵਾਲਾ ਨਾ ਹੋਵੇ ਤੇ ਜ਼ਿੰਦਗੀ ਦੀ ਵਿਲੱਖਣਤਾ ਦਾ ਮੁੱਢਲਾ ਪਾਠ ਗੁਰੂ ਦਰਬਾਰ ਵਿੱਚੋਂ ਸਿਖਿਆ ਹੋਵੇ ਤਾਂ ਉਸ ਬਾਲਕ ਦਾ ਸਹਿਜ ਸਰਮਾਇਆ ਕਿਤਨਾ ਅਤੁਲ ਅਤੇ ਅਮੋਲਕ ਹੋਵੇਗਾ।
ਲਾਹੌਰ ਚੂਨਾ ਮੰਡੀ ਵਿੱਚ 24 ਸਤੰਬਰ 1534 ਨੂੰ ਪਿਤਾ ਹਰਿਦਾਸ ਅਤੇ ਮਾਤਾ ਦਇਆ ਜੀ ਦੀ ਕੁੱਖੋਂ ਪ੍ਰਕਾਸ਼ ਧਾਰਨ ਕਰਨ ਵਾਲੇ ਪਲੇਠੇ ਪੁੱਤ ਦਾ ਨਾਮ ਰੱਖਿਆ ਜੇਠਾ। ਅਤੇ ਇਸ ਤਰ੍ਹਾਂ ਭਾਈ ਜੇਠਾ ਜੀ ਨੇ ਜ਼ਿੰਦਗੀ ਦੇ ਸੱਤ ਵਰ੍ਹੇ ਮਾਤਾ ਪਿਤਾ ਦੀ ਸੁਨੱਖੀ ਛਾਂ ਵਿੱਚ ਗੁਜ਼ਾਰੇ । ਮਾਤਾ ਪਿਤਾ ਦੇ ਚਲਾਣੇ ਤੋਂ ਬਾਅਦ ਜਦ ਨਾਨੀ ਆਪਣੀ ਧੀ ਦੀ ਔਲਾਦ ਨੂੰ ਬਾਸਰਕੇ ਪਿੰਡ ਲੈ ਕੇ ਆਈ ਤਾਂ ਭਾਈ ਜੇਠਾ ਜੀ ਨੇ ਗੋਇੰਦਵਾਲ ਵਿਖੇ ਪੰਜ ਵਰ੍ਹੇ ਘੁੰਗਣੀਆਂ ਵੇਚ ਕੇ ਪਰਿਵਾਰ ਦਾ ਗੁਜ਼ਰਾਨ ਕੀਤਾ। ਸੇਵਾ ਕਰਦਿਆਂ, ਹੱਥੀਂ ਕਿਰਤ ਕਰਦਿਆਂ, ਲੰਗਰ ਵਿੱਚ ਭਾਂਡੇ ਮਾਂਝਦਿਆਂ ਆਖਰ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਦੀ ਨਜ਼ਰ ਪ੍ਰਵਾਨ ਹੋਏ ਤਾਂ ਸਾਥ ਬੀਬੀ ਭਾਨੀ ਦਾ ਮਿਲਿ । ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਰ ਹੁਕਮ ਨੂੰ ਮੰਨਣਾ ਕਰ ਜਿੰਦਗੀ ਦੀ ਅਸਲ ਵਿਦਿਆ ਪ੍ਰਾਪਤ ਕੀਤੀ।
ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਸ੍ਰੀ ਗੋਇੰਦਵਾਲ ਵਿਖੇ ਬਾਉਲੀ ਦੇ ਨਿਰਮਾਣ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਨੇ ਥੜੇ ਬਣਨ ਸਮੇਂ ਨਿਰਮਾਣ ’ਤੇ ਆਪਣੀ ਨਾਪਸੰਦਗੀ ਜ਼ਾਹਰ ਕੀਤੀ ਤਾਂ ਗੁਰੂ ਦੇ ਹੁਕਮ ਪੁਰ ਭਾਈ ਜੇਠਾ ਜੀ ਨੇ ਇਸ ਨੂੰ ਮੁੜ ਤਾਮੀਰ ਕਰਵਾਇਆ । ਬਾਰ-ਬਾਰ ਗੁਰੂ ਸਾਹਿਬ ਦੀ ਹਿਦਾਇਤ ’ਤੇ ਢਾਉਣਾ ਅਤੇ ਫੇਰ ਮੁੜ ਕੇ ਬਣਾਉਣਾ ਅਸਲ ਵਿੱਚ ਭਾਈ ਜੇਠੇ ਜੀ ਦੀ ਸ਼ਹਿਸ਼ੀਲਤਾ, ਸਬਰ, ਉੱਦਮ, ਅਤੇ ਲਗਨ ਦੀ ਪਰਖ ਹੀ ਤਾਂ ਸੀ। ਆਖਰ ਭਾਈ ਜੇਠਾ ਜੀ ਨੇ ਸਿੱਖੀ ਕਮਾਈ, ਸੇਵਾ ਦੀ ਘਾਲਣਾ ਦਰ ਪ੍ਰਵਾਨ ਹੋਈ । ਸ੍ਰੀ ਗੁਰੂ ਅਮਰਦਾਸ ਜੀ ਨੇ ਗਲ ਨਾਲ ਲਗਾਇਆ । ਦਿਨ ਬੀਤੇ, ਵਾਰ ਤੇ ਫਿਰ ਮਹੀਨੇ । ਭਾਈ ਜੇਠਾ ਜੀ ਚੱਤੇ ਪਹਰ ਸੇਵਾ ਵਿੱਚ ਆਨੰਦ ਲੈਂਦੇ ਤੇ ਵਰਤਾਉਂਦੇ । ਜਦ ਕਦੇ ਭੁੱਲ ਹੁੰਦੀ ਤਾਂ ਗੁਰੂ ਸਾਹਿਬ ਨੂੰ ਬੇਨਤੀ ਕਰਦੇ:
ਨੀਕੀ ਭਾਂਤਿ ਭਾਖ ਸਮਝਾਓ
ਬੇਨਤੀ ਸੁਣ ਗੁਰੂ ਹਜ਼ੂਰ ਤਾਕੀਦ ਵੀ ਕਰਦੇ:
ਆਪਾ ਕਬਹੁ ਨ ਕਰਹਿ ਜਨਾਵਨ
ਨਿਸ ਦਿਨ ਪ੍ਰੇਮ ਮਹਿ ਪਾਵਨ
ਆਖਰ ਭਾਈ ਜੇਠੇ ਜੀ ਨੂੰ ਗੁਰੂ ਦੀ ਅਸੀਸ ਪ੍ਰਾਪਤ ਹੋਈ ਅਤੇ 1574 ਈ: ਨੂੰ ਗੁਰੂਆਈ ਦੀ ਮਹਾਨ ਸੇਵਾ ਬਖਸ਼ਿਸ਼ ਹੋਈ। ਸ੍ਰੀ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਹੱਥੋਂ ਗੁਰੂਆਈ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਮੱਥਾ ਟੇਕਿਆ ।
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
ਜ਼ਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ
ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥
-PTC News