ਇੱਕ ਨਹੀਂ ਕਈ ਗੁਣਾਂ ਨਾਲ ਲੈਸ ਹੈ ਮੇਥੀ ਅਤੇ ਮੇਥੀ ਦਾਣੇ, ਆਓ ਜਾਣੀਏ ਇਸਦੇ ਹੋਰ ਫ਼ਾਇਦੇ
ਇੱਕ ਨਹੀਂ ਕਈ ਗੁਣਾਂ ਨਾਲ ਲੈਸ ਹੈ ਮੇਥੀ ਅਤੇ ਮੇਥੀ ਦਾਣੇ, ਆਓ ਜਾਣੀਏ ਇਸਦੇ ਹੋਰ ਫ਼ਾਇਦੇ : ਸਾਡੇ ਘਰ ਦੇ ਨੇੜੇ ਰਹਿੰਦੀ ਗੁਰਮੇਲ ਬੇਬੇ , ਨਿੱਤ ਹੀ ਚਾਰ ਕੁ ਜਨਾਨੀਆਂ ਨੂੰ ਇੱਕਠੀਆਂ ਕਰਕੇ ਬੈਠੀ ਹੁੰਦੀ , ਜਦੋਂ ਅਸੀਂ ਕੋਲੋਂ ਦੀ ਲੰਘਣਾ ਤੇ ਉਸ ਨੂੰ ਕਿਸੇ ਨਾ ਕਿਸੇ ਨੂੰ ਸਬਜ਼ੀ , ਤੇਲ ਅਤੇ ਫ਼ਲਾਂ ਦੇ ਗੁਣ ਦੱਸਦੇ ਹੋਏ ਖਾਣ ਦੀ ਸਲਾਹ ਦਿੰਦੇ ਸੁਣਨਾ। ਇੱਕ ਦਿਨ ਅਸਾਂ ਵੀ ਜ਼ਿੱਦ ਫੜ ਲਈ ਕਿ ਅੱਜ ਤੇ ਗੁਰਮੇਲ ਬੇਬੇ ਕੋਲ ਬਹਿ ਕੇ ਸੁਣਨਾ ਕਿਹੜੀ ਸਬਜ਼ੀ ਬਾਰੇ ਦੱਸਦੇ, ਬਸ ਫਿਰ ਮੈਂ ਤੇ ਮੇਰੇ ਤਾਏ ਦੀ ਕੁੜੀ ਦੋਵੇਂ ਜਾਣੀਆਂ ਗੁਰਮੇਲ ਬੇਬੇ ਵੱਲੀਂ ਹੋ ਤੁਰੀਆਂ । ਗੁਰਮੇਲ ਬੇਬੇ ਨੇ ਇਸ ਵਾਰ ਮੇਥੀ ਦੀ ਵਾਰੀ ਲੈ ਆਂਦੀ । ਸਿਰ ਦੇ ਵਾਲਾਂ ਤੋਂ ਲੈ ਕੇ ਖੌਰੇ ਕਿੰਨੇ ਗੁਣ ਗਿਣਾ ਛੱਡੇ, ਬੇਬੇ ਨੇ ਮੇਥੀ ਦੇ ! ਉਸ ਵੇਲੇ ਦੇ ਮੇਥੀ ਅੰਦਰ ਸਮੋਏ ਗੁਣਾਂ ਨੂੰ ਅੱਜ ਤੱਕ ਯਾਦ ਰੱਖਿਆ ਹੋਇਆ ਹੈ । ਸੋ ਅੱਜ ਮੇਥੀ ਅਤੇ ਮੇਥੀ ਦਾਣਿਆਂ ਦੇ ਫ਼ਾਇਦਿਆਂ ਬਾਰੇ ਗੱਲ ਕਰਾਂਗੇ । ਮੇਥੀ ਦੀ ਖੇਤੀ:- "ਲਿਗਿਊਮਿਨਸ" ਪ੍ਰਜਾਤੀ ਨਾਲ ਸੰਬੰਧ ਰੱਖਣ ਵਾਲੀ ਮੇਥੀ ਪੂਰੇ ਦੇਸ਼ ਵਿੱਚ ਉਗਾਈ ਜਾਣ ਵਾਲੀ ਆਮ ਫ਼ਸਲ ਹੈ। ਮੇਥੀ ਦੇ ਪੱਤੇ ਸਬਜ਼ੀ ਦੇ ਤੌਰ 'ਤੇ ਅਤੇ ਬੀਜ ਭੋਜਨ ਨੂੰ ਸੁਆਦੀ ਬਣਾਉਣ ਲਈ ਤਾਂ ਵਰਤੇ ਹੀ ਜਾਂਦੇ ਹਨ ਬਲਕਿ ਮੇਥੀ ਦੀ ਰੋਟੀ ਵੀ ਗੁਣਕਾਰੀ ਹੋਣ ਦੇ ਨਾਲ ਬਾਹਲੀ ਸੁਆਦਲੀ ਵੀ ਬਣਦੀ ਹੈ। ਮੇਥੀ ਦੇ ਪੱਤਿਆਂ ਅਤੇ ਬੀਜਾਂ ਵਿੱਚ ਚਿਕਿਤਸਕ ਗੁਣ ਵੀ ਮੌਜੂਦ ਹੁੰਦੇ ਹਨ, ਜੋ ਕਿ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸਨੂੰ ਚਾਰੇ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਭਾਰਤ ਵਿੱਚ ਰਾਜਸਥਾਨ ਮੁੱਖ ਮੇਥੀ ਉਤਪਾਦਕ ਖੇਤਰ ਹੈ। ਹੋਰ ਮੇਥੀ ਉਤਪਾਦਕ ਖੇਤਰ ਮੱਧ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਪੰਜਾਬ ਹਨ। ਲੋਕ ਘਰਾਂ ਦੇ ਗਮਲਿਆਂ ਜਾਂ ਫਿਰ ਖੁੱਲ੍ਹੀ ਥਾਂ 'ਤੇ ਮੇਥੀ ਉਗਾ ਕੇ ਇਸ ਗੁਣਕਾਰੀ ਸਬਜ਼ੀ ਨੂੰ ਖਾਣ ਦਾ ਲਾਹਾ ਲੈਂਦੇ ਹਨ । ਮੇਥੀ ਦੀਆਂ ਨਿੱਕੀਆਂ-ਨਿੱਕੀਆਂ ਹਰੀਆਂ ਪੱਤੀਆਂ ਏਨੀਆਂ ਲਾਹੇਵੰਦ ਹਨ ਕਿ ਕਈ ਬਿਮਾਰੀਆਂ ਨੂੰ ਜੜੋਂ ਖ਼ਤਮ ਕਰਨ ਦੀ ਤਾਕਤ ਰੱਖਦੀਆਂ ਹਨ, ਖਾਸਕਰ ਵਾਲਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ 'ਚ ਸਹਾਈ ਹੁੰਦੀ ਹੈ। ਮੇਥੀ ਸਿਰਫ਼ ਫਾਈਬਰ ਦਾ ਗੁਣਕਾਰੀ ਸ੍ਰੋਤ ਹੀ ਨਹੀਂ ਬਲਕਿ ਇਸ ਵਿਚਲੇ ਪ੍ਰੋਟੀਨ, ਵਿਟਾਮਿਨ- ਸੀ, ਨਾਇਆਸਿਨ, ਪੋਟਾਸ਼ੀਅਮ, ਲੋਹ ਕਣ, ਐਲਕਾਲੌਇਡ ਤੇ ਡਾਇਓਸਜੈਨਿਨ ਵੀ ਰਲ ਕੇ ਸਰੀਰ ਨੂੰ ਦਰੁਸਤ ਰੱਖਦੇ ਹਨ। ਆਓ ਜਾਣੀਏ ਮੇਥੀ ਦੇ ਲਾਭ। ਚਮੜੀ ਦੀ ਸਮੱਸਿਆ ਕਰਦੀ ਦਰੁਸਤ:- ਮੂੰਹ ਉੱਤੇ ਬਣ ਰਹੇ ਬਲੈਕ ਹੈੱਡਜ਼, ਫਿੰਸੀਆਂ, ਕਿਲ, ਝੁਰੜੀਆਂ ਨੂੰ ਠੀਕ ਕਰਨਾ ਹੈ ਹੈ ਤਾਂ ਮੇਥੀ ਦੇ ਪੱਤਿਆਂ ਦੀ ਪੇਸਟ ਬਣਾ ਕੇ ਮੂੰਹ 'ਤੇ ਲਗਾ ਸਕਦੇ ਹੋ। ਸਿਆਣੀਆਂ ਅਤੇ ਪੁਰਾਣੀਆਂ ਔਰਤਾਂ ਝੁਰੜੀਆਂ ਅਤੇ ਮੁਹਾਸਿਆਂ ਨੂੰ ਠੀਕ ਕਰਨ ਵਾਸਤੇ ਮੇਥੀ ਦੀ ਪੇਸਟ ਲਗਾਉਂਦੀਆਂ ਸਨ, ਕਿਉਂਕਿ ਉਦੋਂ ਅਜੇ ਬਿਊਟੀ ਨਾਲ ਜੁੜੀਆਂ ਵਸਤੂਆਂ ਘੱਟ ਈ ਮਿਲਦੀਆਂ ਸਨ। ਵਾਲਾਂ ਵਾਸਤੇ ਬੇਹੱਦ ਗੁਣਕਾਰੀ:- ਹਰ ਥਾਂ ਵਾਲਾਂ ਲਈ ਵੀ ਮੇਥੀ ਤੋਂ ਬਣੇ ਸ਼ੈਂਪੂ ਮਿਲਦੇ ਹਨ। ਸਿਕਰੀ ਅਤੇ ਵਾਲ ਝੜਨ ਤੋਂ ਰੋਕਣ ਲਈ ਮੇਥੀ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਖਾਓ ਅਤੇ ਭਾਵੇਂ ਵਾਲਾਂ ਉੱਤੇ ਪੇਸਟ ਬਣਾ ਕੇ ਲਾਓ , ਮੇਥੀ ਦੋਵਾਂ ਹੀ ਸੂਰਤਾਂ 'ਚ ਵਾਲਾਂ ਵਾਸਤੇ ਗੁਣਕਾਰੀ ਹੈ। ਸਿਰਫ਼ ਇਹੀ ਨਹੀਂ ਬਲਕਿ ਮੇਥੀ ਦੇ ਬੀਜ ਪਾਣੀ ਵਿੱਚ ਉਬਾਲ ਕੇ ਅਤੇ ਰਾਤ ਭਰ ਖੋਪੇ ਦੇ ਤੇਲ ਵਿੱਚ ਭਿਉਂ ਕੇ ਰੱਖ ਕੇ ਉਸ ਨਾਲ ਰੋਜ਼ ਹਲਕੀ ਹਲਕੀ ਸਿਰ ਦੀ ਮਾਲਿਸ਼ ਕਰੋ ਵਾਲ ਝੜਨਗੇ ਵੀ ਨਹੀਂ ਤੇ ਸਿਕਰੀ ਤੋਂ ਵੀ ਨਿਜਾਤ ਮਿਲੇਗੀ। ਮੋਟਾਪਾ ਕਰਦੀ ਘੱਟ ਮੇਥੀ, ਮੇਥੀ ਦਾਣੇ ਵੀ ਅਸਰਦਾਰ:- ਜੇਕਰ ਕੋਈ ਭਾਰ ਘਟਾਉਣ ਬਾਰੇ ਸੋਚ ਰਿਹਾ ਹੈ, ਜਾਂ ਫਿਰ ਮੋਟਾਪੇ ਤੋਂ ਪਰੇਸ਼ਾਨ ਹੈ ਤਾਂ ਮੇਥੀ ਦੇ ਸੇਵਨ ਨਾਲ ਉਸਨੂੰ ਜ਼ਰੂਰ ਲਾਭ ਮਿਲੇਗਾ। ਮੇਥੀ ਵਧੀਆ ਕੁਦਰਤੀ ਵਰਦਾਨ ਹੋਣ ਦੇ ਕਾਰਨ ਮੋਟਾਪੇ ਤੋਂ ਨਿਜਾਤ ਦਿਵਾਉਣ ਦੇ ਸਮਰੱਥ ਹੈ। ਇਸ ਲਈ ਚੁਸਤ-ਦਰੁਸਤ ਅਤੇ ਫੁਰਤੀਲੇ ਰਹਿਣ ਲਈ ਮੇਥੀ ਜ਼ਰੂਰ ਖਾਓ। ਮਹਾਵਾਰੀ ਸਬੰਧਿਤ ਮੁਸ਼ਕਲਾਂ ਤੋਂ ਰਾਹਤ:- ਔਰਤਾਂ ਨੂੰ ਮਹੀਨੇਵਾਰ ਮਹਾਵਾਰੀ ਕਾਰਨ ਕਈ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੇ 'ਚ ਮੇਥੀ ਦਾ ਸੇਵਨ ਰਾਹਤ ਪ੍ਰਦਾਨ ਕਰਦਾ ਹੈ, ਮੇਥੀ ਵਿਚਲੇ ਆਈਸੋਫ਼ਲੇਵੋਨ ਤੇ ਡਾਇਓਸਜੈਨਿਨ ਕੁੜੀਆਂ ਅਤੇ ਔਰਤਾਂ ਵਿੱਚ ਮਾਹਵਾਰੀ ਦੌਰਾਨ ਹੋ ਰਹੀ ਦਰਦ ਵੀ ਘਟਾ ਦਿੰਦੇ ਹਨ। ਗੈਸ ਦੀ ਸਮੱਸਿਆ ਹੁੰਦੀ ਦੂਰ:- ਮੇਥੀ ਦੀ ਸਬਜ਼ੀ ਤਾਂ ਲਾਹੇਵੰਦ ਹੈ ਹੀ , ਪਰ ਇਸਦੇ ਨਾਲ ਹੀ ਮੇਥੀ ਦਾਣਾ ਸਾਡੇ ਸਰੀਰ ਦੇ ਐਸਿਡ ਅਲਕਲਾਇਨ ਸੰਤੁਲਨ ਨੂੰ ਬਰਕਰਾਰ ਰੱਖਦਾ ਹੈ। ਜਿਹੜੇ ਲੋਕ ਐਸਿਡਿਟੀ (ਗੈਸ) ਦੀ ਸਮੱਸਿਆ ਨਾਲ ਪਰੇਸ਼ਾਨ ਹਨ , ਉਹਨਾਂ ਨੂੰ ਕਿਸੇ ਵੀ ਰੂਪ 'ਚ ਮੇਥੀ ਦਾਣੇ ਦਾ ਸੇਵਨ ਕਰਨਾ ਚਾਹੀਦਾ ਹੈ। ਇੱਕ ਨਹੀਂ ਕਈ ਗੁਣਾਂ ਨਾਲ ਲੈਸ ਹੈ ਮੇਥੀ ਦੀ ਸਬਜ਼ੀ ਅਤੇ ਮੇਥੀ ਦਾਣੇ, ਜ਼ਰੂਰ ਕਰੋ ਸੇਵਨ, ਕਹਿ ਗਏ ਨੇ ਸਿਆਣੇ।