ਮਨਪ੍ਰੀਤ ਬਾਦਲ ਬਠਿੰਡਾ ‘ਚ ਕੀਤਾ ਕੋਈ ਵੱਡਾ ਵਿਕਾਸ ਕਾਰਜ ਜਾਂ ਇੱਥੇ ਲਿਆਂਦਾ ਕੋਈ ਵੱਡਾ ਪ੍ਰਾਜੈਕਟ ਗਿਣਾਵੇ: ਹਰਸਿਮਰਤ ਬਾਦਲ

ਮਨਪ੍ਰੀਤ ਬਾਦਲ ਬਠਿੰਡਾ ‘ਚ ਕੀਤਾ ਕੋਈ ਵੱਡਾ ਵਿਕਾਸ ਕਾਰਜ ਜਾਂ ਇੱਥੇ ਲਿਆਂਦਾ ਕੋਈ ਵੱਡਾ ਪ੍ਰਾਜੈਕਟ ਗਿਣਾਵੇ: ਹਰਸਿਮਰਤ ਬਾਦਲ,ਬਠਿੰਡਾ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪਿਛਲੇ ਦੋ ਸਾਲਾਂ ਦੌਰਾਨ ਬਠਿੰਡਾ ਵਿਚ ਕੀਤਾ ਕੋਈ ਵੱਡਾ ਵਿਕਾਸ ਕਾਰਜ ਜਾਂ ਇੱਥੇ ਲਿਆਂਦਾ ਕੋਈ ਬੁਨਿਆਦੀ ਢਾਂਚੇ ਵਾਲਾ ਪ੍ਰਾਜੈਕਟ ਗਿਣਾਵੇ। ਉਹਨਾਂ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਚੋਣ ਨਤੀਜੇ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾ ਕੇ 2014 ਦੇ ਫਤਵੇ ਦਾ ਅਪਮਾਨ ਨਾ ਕਰੇ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮਨਪ੍ਰੀਤ ਬਾਦਲ ਇਹ ਦਾਅਵਾ ਕਰਕੇ ਬਠਿੰਡਾ ਦੇ ਲੋਕਾਂ ਦਾ ਅਪਮਾਨ ਕਰ ਰਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਆਪਣਾ ਰਸੂਖ ਵਰਤ ਕੇ ਲੋਕਾਂ ਕੋਲੋਂ ਵੋਟਾਂ ਪਵਾਈਆਂ ਸਨ, ਜਿਸ ਸਦਕਾ ਉਹ 19 ਹਜ਼ਾਰ ਵੋਟਾਂ ਨਾਲ ਹਾਰ ਗਿਆ ਸੀ। ਉਹਨਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ 2014 ਦੀ ਹਾਰ ਦੀ ਚੋਭ ਅਜੇ ਤਕ ਮਨਪ੍ਰੀਤ ਦੇ ਅੰਦਰ ਪਈ ਹੈ।

ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਸਕਿਆ ਕਿ ਉਹ ਪੀਪੀਪੀ, ਕਾਂਗਰਸ, ਸੀਪੀਆਈ ਦਾ ਸਾਂਝਾ ਉਮੀਦਵਾਰ ਅਤੇ ਆਪ ਦਾ ਲੁਕਵਾਂ ਉਮੀਦਵਾਰ ਹੋਣ ਦੇ ਬਾਵਜੂਦ ਲੋਕ ਸਭਾ ਚੋਣ ਹਾਰ ਗਿਆ ਸੀ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮਨਪ੍ਰੀਤ ਇਹ ਕਹਿ ਕੇ ਲੋਕਾਂ ਖ਼ਿਲਾਫ ਆਪਣਾ ਗੁੱਸਾ ਕੱਢ ਰਿਹਾ ਹੈ ਕਿ ਲੋਕਾਂ ਨੂੰ ਅਧਿਕਾਰੀਆਂ ਦੁਆਰਾ ਕਿਸੇ ਖਾਸ ਉਮੀਦਵਾਰ ਨੂੰ ਵੋਟ ਪਾਉਣ ਲਈ ਵਰਗਲਾਇਆ ਜਾ ਸਕਦਾ ਹੈ, ਇਸ ਤੋਂ ਮਨਪ੍ਰੀਤ ਦੀ ਅੰਦਰਲੀ ਬੇਚੈਨੀ ਝਲਕਦੀ ਹੈ।

ਉਹਨਾਂ ਕਿਹਾ ਕਿ ਮਨਪ੍ਰੀਤ ਨੂੰ ਆਪਣਾ ਹਾਰ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਲੋਕ ਫ਼ਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜਿੱਥੇ ਤਕ ਮੇਰਾ ਸੰਬੰਧ ਹੈ ਕਿ ਮੈਂ ਉਸ ਖ਼ਿਲਾਫ ਚੋਣ ਲੜਣ ਲਈ ਤਿਆਰ ਹਾਂ। ਉਹ ਦੁਬਾਰਾ ਮੇਰੇ ਨਾਲ ਮੁਕਾਬਲਾ ਕਰਕੇ ਵੇਖ ਸਕਦਾ ਹੈ।ਇਹ ਟਿੱਪਣੀ ਕਰਦਿਆਂ ਕਿ ਮਨਪ੍ਰੀਤ ਬਾਦਲ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਰਾਜਨੀਤਿਕ ਈਰਖਾ ਵਿਚੋਂ ਪਨਪੀ ਹੈ।

ਹੋਰ ਪੜ੍ਹੋ:ਮਹਿਲਾ ਆਈਏਐਸ ਅਧਿਕਾਰੀ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਕੈਬਨਿਟ ਮੰਤਰੀ ਨੂੰ ਕੈਪਟਨ ਜੱਗ ਜ਼ਾਹਿਰ ਕਰਨ:ਸੁਖਬੀਰ ਬਾਦਲ

ਉਹਨਾਂ ਕਿਹਾ ਕਿ ਸਾਫ ਹੈ ਕਿ ਜਦੋਂ ਲੋਕ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਤੁਲਨਾ ਪਿਛਲੇ ਦੋ ਸਾਲਾਂ ਦੌਰਾਨ ਤੋਂ ਪਏ ਵਿਕਾਸ ਕਾਰਜਾਂ ਦੇ ਮੁਕੰਮਲ ਸੋਕੇ ਨਾਲ ਕਰਦੇ ਹਨ ਤਾਂ ਉਸ ਦੀ ਹਊਮੇ ਦੀ ਸੱਟ ਵੱਜਦੀ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਨੂੰ ਇਹ ਗੱਲ ਵੀ ਬਹੁਤ ਚੁਭਦੀ ਹੈ ਕਿ ਉਹਨਾਂ ਵੱਲੋਂ ਹਵਾਈ ਅੱਡਾ, ਕੇਂਦਰੀ ਯੂਨੀਵਰਸਿਟੀ ਅਤੇ ਏਮਜ਼ ਵਰਗੇ ਵੱਕਾਰੀ ਪ੍ਰਾਜੈਕਟ ਬਠਿੰਡਾ ਵਿਚ ਲਿਆਂਦੇ ਜਾ ਚੁੱਕੇ ਹਨ ਅਤੇ ਮਨਪ੍ਰੀਤ ਨੇ ਪਿਛਲੇ ਦੋ ਸਾਲਾਂ ਵਿਚ ਕੁੱਝ ਵੀ ਨਹੀਂ ਕੀਤਾ ਹੈ।

ਉਹਨਾਂ ਕਿਹਾ ਕਿ ਕੁੱਝ ਕਰਨਾ ਤਾਂ ਦੂਰ , ਮਨਪ੍ਰੀਤ ਬਾਦਲ ਨੇ ਬਠਿੰਡਾ ਥਰਮਲ ਪਲਾਂਟ ਵੀ ਬੰਦ ਕਰਵਾ ਦਿੱਤਾ ਹੈ, ਜਿਸ ਨੂੰ ਉਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੱਲਦਾ ਰੱਖਣ ਦਾ ਵਾਅਦਾ ਕੀਤਾ ਸੀ।ਇਹ ਟਿੱਪਣੀ ਕਰਦਿਆਂ ਕਿ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ ਤੋਂ ਭੱਜਣਾ ਨਹੀਂ ਚਾਹੀਦਾ, ਬੀਬੀ ਬਾਦਲ ਨੇ ਕਿਹਾ ਕਿ ਕਿਉਂਕਿ ਹੁਣ ਸਾਰੇ ਅਧਿਕਾਰੀ ਉਸ ਦੇ ਨਾਲ ਹਨ, ਇਸ ਲਈ ਉਸ ਨੂੰ ਆਪਣੀ ਲੋਕਪ੍ਰਿਅਤਾ ਪਰਖ ਲੈਣੀ ਚਾਹੀਦੀ ਹੈ। ਉਹਨਾਂ ਨੇ ਸੁਖਪਾਲ ਖਹਿਰੇ ਦੇ ਗਰੁੱਪ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੱਤਾ।

ਮਨਪ੍ਰੀਤ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਜ਼ਨਸ ਮੰਤਰ ਬਾਰੇ ਕੀਤੀਆਂ ਟਿੱਪਣੀਆਂ ਉੱਤੇ ਪ੍ਰਤੀਕਿਰਿਆ ਜਾਹਿਰ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਸ ਨੂੰ ਸਮਝਣ ਲਈ ਕਾਂਗਰਸੀ ਮੰਤਰੀ ਨੂੰ ਅਕਾਲੀ ਦਲ ਪ੍ਰਧਾਨ ਦੀ ਸਖ਼ਤ ਮਿਹਨਤ, ਵਚਨਬੱਧਤਾ ਅਤੇ ਬੌਧਿਕਤਾ ਅਤੇ ਨੇਕਦਿਲੀ ਨੂੰ ਸਮਝਣਾ ਪਵੇਗਾ। ਉਹਨਾਂ ਕਿਹਾ ਕਿ ਮੈਨੂੰ ਮਨਪ੍ਰੀਤ ਕੋਲੋਂ ਇਹਨਾਂ ਗੱਲਾਂ ਦੀ ਉਮੀਦ ਨਹੀਂ ਹੈ। ਉਸ ਦੇ ਸਾਹਮਣੇ ਉਸ ਦੇ ਆਕਾ ਰਾਬਰਟ ਵਾਡਰਾ ਦਾ ਬਿਜ਼ਨਸ ਮਾਡਲ ਹੈ, ਜੋ ਕਿ ਇੱਕ ਲੱਖ ਦਾ 100 ਕਰੋੜ ਬਣਾਉਣ ਲਈ ਮਸ਼ਹੂਰ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਸੱਤਾ ਸੰਭਾਲਣ ਮਗਰੋਂ ਬਠਿੰਡਾ ਵਿਚ ਆਏ ਗੁੰਡਾ ਟੈਕਸ ਗਰੁੱਪ ਵੱਲੋਂ ਪਹਿਲਾਂ ਹੀ ਇਸ ਮੰਤਰ ਨੂੰ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

-PTC News