Pakistan AirForce Terrorist Attack :ਪਾਕਿਸਤਾਨ ਦੇ ਮੀਆਂਵਾਲੀ ਏਅਰਬੇਸ 'ਤੇ ਵੱਡਾ ਆਤਮਘਾਤੀ ਹਮਲਾ ਹੋਇਆ ਹੈ। ਅੱਤਵਾਦੀ ਸੰਗਠਨ ਤਹਿਰੀਕ-ਏ-ਜੇਹਾਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫਿਲਹਾਲ ਅੱਤਵਾਦੀਆਂ ਖਿਲਾਫ ਪਾਕਿਸਤਾਨੀ ਫੌਜ ਦਾ ਆਪਰੇਸ਼ਨ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਮਲੇ 'ਚ ਮੀਆਂਵਾਲੀ ਏਅਰਬੇਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਏਅਰਬੇਸ 'ਚ ਕਿਵੇਂ ਦਾਖਲ ਹੋਏ ਅੱਤਵਾਦੀ?
ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀਆਂ ਨੇ ਮੀਆਂਵਾਲੀ ਏਅਰਬੇਸ 'ਚ ਦਾਖਲ ਹੋਣ ਲਈ ਪੌੜੀਆਂ ਦੀ ਵਰਤੋਂ ਕੀਤੀ ਸੀ। ਅੱਤਵਾਦੀਆਂ ਨੇ ਕੰਧਾਂ 'ਤੇ ਪੌੜੀਆਂ ਲਗਾ ਕੇ ਇਮਾਰਤ 'ਚ ਦਾਖਲ ਹੋ ਕੇ ਇਕ ਤੋਂ ਬਾਅਦ ਇਕ ਕਈ ਧਮਾਕੇ ਕੀਤੇ।
ਤਹਿਰੀਕ-ਏ-ਜੇਹਾਦ ਨੇ ਕੀ ਕਿਹਾ?
ਤਹਿਰੀਕ-ਏ-ਜੇਹਾਦ ਦੇ ਬੁਲਾਰੇ ਮੁੱਲਾ ਮੁਹੰਮਦ ਕਾਸਿਮ ਨੇ ਪਾਕਿਸਤਾਨੀ ਹਵਾਈ ਸੈਨਾ 'ਤੇ ਹੋਏ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਹਮਲੇ ਵਿੱਚ ਕਈ ਹਮਲਾਵਰ ਸ਼ਾਮਲ ਸਨ।
ਇਮਰਾਨ ਖਾਨ ਦੇ ਸਮਰਥਕਾਂ ਨੇ 9 ਮਈ ਨੂੰ ਮੀਆਂਵਾਲੀ ਏਅਰ ਫੋਰਸ ਬੇਸ 'ਤੇ ਹਮਲਾ ਕੀਤਾ ਸੀ ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਮਰਾਨ ਖਾਨ ਦੇ ਸਮਰਥਕਾਂ ਨੇ ਬੇਸ ਨੂੰ ਅੱਗ ਲਗਾ ਦਿੱਤੀ ਸੀ। ਗ੍ਰਿਫਤਾਰੀ ਤੋਂ ਗੁੱਸੇ 'ਚ ਆਏ ਸਮਰਥਕਾਂ ਨੇ ਇਕ ਜਹਾਜ਼ ਨੂੰ ਵੀ ਅੱਗ ਲਗਾ ਦਿੱਤੀ।
ਮੀਆਂਵਾਲੀ ਏਅਰਬੇਸ
ਐਮ ਐਮ ਆਲਮ ਏਅਰਬੇਸ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮਿਆਵਾਲੀ ਵਿੱਚ ਸਥਿਤ ਹੈ। ਇਹ ਪਾਕਿਸਤਾਨੀ ਹਵਾਈ ਸੈਨਾ ਦੀ ਉੱਤਰੀ ਏਅਰ ਕਮਾਂਡ ਦੇ ਅਧੀਨ ਆਉਂਦਾ ਹੈ। ਮੀਆਂਵਾਲੀ ਵਿੱਚ ਦੂਜੇ ਵਿਸ਼ਵ ਯੁੱਧ ਦੀ ਹਵਾਈ ਪੱਟੀ ਸੀ ਪਰ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਇਸਨੂੰ ਸੈਟੇਲਾਈਟ ਏਅਰਬੇਸ ਵਜੋਂ ਅਪਗ੍ਰੇਡ ਕੀਤਾ ਗਿਆ ਸੀ। ਇਸ ਏਅਰਬੇਸ ਨੂੰ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਸੀ।