Sun, Mar 26, 2023
Whatsapp

ਡਾ.ਮਹਿੰਦਰ ਸਿੰਘ ਰੰਧਾਵਾ ਪੇਂਡੂ ਵਿਕਾਸ, ਸਾਹਿਤ ਕਲਾ, ਵਿਗਿਆਨ ਤੇ ਲੋਕ ਪ੍ਰਸ਼ਾਸਨ ਦਾ ਚੌਮੁਖੀਆ ਚਿਰਾਗ ਸਨ : ਗੁਰਭਜਨ ਗਿੱਲ

Written by  Pardeep Singh -- February 02nd 2023 07:04 PM
ਡਾ.ਮਹਿੰਦਰ ਸਿੰਘ ਰੰਧਾਵਾ ਪੇਂਡੂ ਵਿਕਾਸ, ਸਾਹਿਤ ਕਲਾ, ਵਿਗਿਆਨ ਤੇ ਲੋਕ ਪ੍ਰਸ਼ਾਸਨ ਦਾ ਚੌਮੁਖੀਆ ਚਿਰਾਗ ਸਨ : ਗੁਰਭਜਨ ਗਿੱਲ

ਡਾ.ਮਹਿੰਦਰ ਸਿੰਘ ਰੰਧਾਵਾ ਪੇਂਡੂ ਵਿਕਾਸ, ਸਾਹਿਤ ਕਲਾ, ਵਿਗਿਆਨ ਤੇ ਲੋਕ ਪ੍ਰਸ਼ਾਸਨ ਦਾ ਚੌਮੁਖੀਆ ਚਿਰਾਗ ਸਨ : ਗੁਰਭਜਨ ਗਿੱਲ

ਲੁਧਿਆਣਾ: ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਾ. ਮਹਿੰਦਰ ਸਿੰਘ ਰੰਧਾਵਾ ਜੀ ਦੇ 114ਵੇਂ ਜਨਮ ਉਤਸਵ ਮੌਕੇ ਲੁਧਿਆਣਾ ਵਿੱਚ ਸੰਚਾਰ ਮਾਧਿਅਮਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਲਾਂ ਵਿੱਚ ਡਾ. ਰੰਧਾਵਾ ਦੇ ਜੱਦੀ ਘਰ ਨੂੰ ਸਮਾਰਕ ਵਾਂਗ ਸੰਭਾਲਣ ਲਈ ਪੰਜਾਬ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਾਂਝੇ ਪੰਜਾਬ ਦੇ ਸਰਬ ਪ੍ਰਵਾਨਤ ਵਿਕਾਸ ਪੁਰਸ਼ ਸਨ।

ਡਾ.ਰੰਧਾਵਾ ਪੇਂਡੂ ਵਿਕਾਸ,ਸਾਹਿਤ ਕਲਾ,ਵਿਗਿਆਨ ਤੇ ਲੋਕ ਪ੍ਰਸ਼ਾਸਨ ਦਾ  ਚੌਮੁਖੀਆ ਚਿਰਾਗ ਸਨ। ਉਨ੍ਹਾਂ ਦੇਸ਼ ਵੰਡ ਮਗਰੋਂ ਜਿਸ ਸ਼ਕਤੀ ਨਾਲ ਰਾਵੀ ਪਾਰੋਂ  ਉੱਜੜ ਕੇ ਆਏ ਪੰਜਾਬੀਆਂ ਦਾ ਏਧਰਲੇ ਪੰਜਾਬ ਵਿੱਚ ਮੁੜ ਵਸੇਬਾ ਕਰਵਾਇਆ, ਪੰਜਾਬ ਦੀ ਮੁਰੱਬੇਬੰਦੀ ਕਰਵਾਈ, ਵਰਤਮਾਨ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਤੇ ਪੇਂਡੂ ਵਿਕਾਸ ਨੂੰ ਦਿਸ਼ਾ ਨਿਰਦੇਸ਼ ਦਿੱਤਾ, ਕਲਾ, ਹਸਤ ਸ਼ਿਲਪ, ਲੋਕ ਕਲਾਵਾਂ ਦੇ ਨਾਲ ਨਾਲ ਸਾਹਿੱਤ ਸਭਿਆਚਾਰ ਦੀ ਸੇਵਾ ਸੰਭਾਲ ਨੂੰ ਮਿਸ਼ਨ ਵਾਂਗ ਅਪਣਾਇਆ, ਉਹ ਆਪਣੇ ਆਪ ਵਿੱਚ ਮਿਸਾਲ ਹੈ। 


ਡਾ. ਮਹਿੰਦਰ  ਸਿੰਘ ਰੰਧਾਵਾ ਦੇ 114ਵੇਂ ਜਨਮ ਦਿਵਸ  ਮੌਕੇ ਉਨ੍ਹਾਂ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਿਸ ਸਮਰਪਿਤ ਭਾਵਨਾ ਨਾਲ ਉਹ ਵੱਡੇ ਵੱਡੇ ਫ਼ੈਸਲੇ ਪਲਾਂ ਵਿੱਚ ਕਰਕੇ ਨੇਪਰੇ ਚਾੜ੍ਹ ਲੈਂਦੇ ਸਨ ,ਉਸ ਦੀ ਮਿਸਾਲ ਲੱਭਣੀ ਆਸਾਨ ਨਹੀਂ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਹੋਣ ਵੇਲੇ ਉਹ ਲੁਧਿਆਣਾ ਵਿੱਚ ਪੰਜਾਬੀ ਭਵਨ ਦਾ ਨਿਰਮਾਣ ਕਰਵਾ ਗਏ। ਉਨ੍ਹਾਂ ਦੀ ਪ੍ਰਧਾਨਗੀ ਹੇਠ 1984 ਤੋਂ ਤਿੰਨ ਮਾਰਚ 1986 ਤੀਕ ਮੈਨੂੰ ਉਨ੍ਹਾਂ ਨਾਲ ਕਾਰਜਕਾਰਨੀ ਮੈਂਬਰ ਵਜੋਂ ਕੰਮ ਕਰਨ ਦਾ ਸੁਭਾਗਾ ਮੌਕਾ ਮਿਲਿਆ। ਉਨ੍ਹਾਂ ਕੋਲ ਸਿਖਾਉਣ ਲਈ ਬਹੁਤ ਕੁਝ ਸੀ। 

ਪ੍ਰੋ. ਗਿੱਲ ਨੇ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਵੀ ਲੁਧਿਆਣਾ ਵਿੱਚ ਨਾ ਹੁੰਦੀ ਜੇਕਰ ਡਾ. ਰੰਧਾਵਾ ਉਸ ਵੇਲੇ ਦੀ ਪਰਤਾਪ ਸਿੰਘ ਕੈਰੋਂ ਸਰਕਾਰ ਨੂੰ ਸਹੀ ਸਲਾਹ ਸਮੇਂ ਸਿਰ ਨਾ ਦਿੰਦੇ। ਉਨ੍ਹਾਂ ਇਸ ਦੇ ਦੂਜੇ ਵਾਈਸ ਚਾਂਸਲਰ ਵਜੋਂ ਇਸ ਯੂਨੀਵਰਸਿਟੀ ਨੂੰ ਸਾਹਿੱਤ, ਕਲਾ ਤੇ ਸੱਭਿਆਚਾਰ ਦਾ ਕੇਂਦਰ ਵੀ ਬਣਾਇਆ। 

ਲੁਧਿਆਣਾ ਵਿੱਚ ਕਲਾ ਸਰਗਰਮੀਆਂ ਨੂੰ ਹੁਲਾਰਾ ਦੇਣ ਵਿੱਚ ਉਨਾਂ ਸਥਾਨਕ ਵਿਦਿਅਕ ਸੰਸਥਾਵਾਂ ਨੂੰ ਵੀ ਉਤਸ਼ਾਹਿਤ ਕੀਤਾ। ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੇ ਭਾਰਤ ਵਿੱਚ ਸਿੰਦਰ ਸ਼ਿੰਗਾਰ ਰੁੱਖਾਂ ਤੇ ਬਾਗ ਬਗੀਚਿਆਂ ਦਾ ਸੱਭਿਆਚਾਰ ਵੀ ਡਾ. ਰੰਧਾਵਾ ਦੀ ਦੇਣ ਹੈ। 

ਉਨ੍ਹਾਂ ਕਿਹਾ ਕਿ ਦੇਸ਼ ਵੰਡ ਵੇਲੇ ਉਹ ਦਿੱਲੀ ਦੇ ਡਿਪਟੀ ਕਮਿਸ਼ਨਰ ਹੋਣ ਕਾਰਨ ਉਨ੍ਹਾਂ ਪੰਜਾਬੀ ਲੇਖਕਾਂ ਨੂੰ ਘਰ ਦਿੱਤੇ ਅਤੇ ਮਗਰੋਂ ਚੰਡੀਗੜ੍ਹ ਦੇ ਪਹਿਲੇ ਚੀਫ਼ ਕਮਿਸ਼ਨਰ ਵਜੋਂ ਪੰਜਾਬੀ ਹਿੰਦੀ ਤੇ ਉਰਦੂ ਲੇਖਕਾਂ ਨੂੰ ਉਨ੍ਹਾਂ ਸਸਤੇ ਮੁੱਲ ਦੇ ਪਲਾਟ ਦੇ ਕੇ ਵਸਾਇਆ। ਕਲਾਭਵਨ ਚੰਡੀਗੜ੍ਹ ਉਨ੍ਹਾਂ ਦੀ ਹੀ ਦੂਰ ਦ੍ਰਿਸ਼ਟੀ ਦਾ ਫ਼ਲ  ਸੀ।

- PTC NEWS

adv-img

Top News view more...

Latest News view more...